ਚਰਨਜੀਤ ਭੁੱਲਰ
ਚੰਡੀਗੜ੍ਹ, 12 ਨਵੰਬਰ
ਪੰਜਾਬ ਸਰਕਾਰ ਦੇ ਹਜ਼ਾਰਾਂ ਮੁਲਾਜ਼ਮ ਤੇ ਅਫ਼ਸਰ ਵਿਦੇਸ਼ ਉਡਾਰੀ ਮਾਰ ਗਏ ਹਨ। ਜਿਹੜੇ ਛੁੱਟੀ ਲੈ ਕੇ ਵਿਦੇਸ਼ ਗਏ ਸਨ, ਉਨ੍ਹਾਂ ਵਿੱਚੋਂ ਬਹੁਤੇ ਵਤਨ ਨਹੀਂ ਪਰਤੇ ਹਨ। ਪਸ਼ੂ ਪਾਲਣ ਤੇ ਮੱਛੀ ਪਾਲਣ ਮਹਿਕਮੇ ਦਾ ਆਲਮ ਹੀ ਨਿਰਾਲਾ ਹੈ। ਹਰਿਆਣਾ ਦੇ ਸੈਂਕੜੇ ਨੌਜਵਾਨ ਪਸ਼ੂ ਪਾਲਣ ਵਿਭਾਗ ’ਚ ਭਰਤੀ ਹੋ ਰਹੇ ਹਨ, ਜਦੋਂ ਕਿ ਪੰਜਾਬ ਵਾਲੇ ਵੈਟਰਨਰੀ ਡਾਕਟਰ ਤੇ ਵੈਟਰਨਰੀ ਇੰਸਪੈਕਟਰ ਵਿਦੇਸ਼ ਦੌੜ ਰਹੇ ਹਨ। ਪਸ਼ੂ ਪਾਲਣ ਵਿਭਾਗ ਦੇ 26 ਡਾਕਟਰ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਹਨ ਜਿਨ੍ਹਾਂ ਵਿੱਚੋਂ ਬਹੁਤੇ ਪੜਤਾਲ ਵਿਚ ਵੀ ਸ਼ਾਮਲ ਨਹੀਂ ਹੋ ਰਹੇ ਹਨ। ਪਸ਼ੂ ਪਾਲਣ ਵਿਭਾਗ ਨੇ ਇਨ੍ਹਾਂ ਵਿੱਚੋਂ ਬਹੁਤੇ ਡਾਕਟਰਾਂ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ ਅਤੇ ਕਈਆਂ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ। ਪਸ਼ੂ ਹਸਪਤਾਲ ਚੌਕੀਮਾਨ ਦੀ ਡਾ. ਅਰਪਿਤ ਨੂੰ ਬਰਖਾਸਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜਦੋਂਕਿ ਪਸ਼ੂ ਹਸਪਤਾਲ ਕਾਸਤੀਵਾਲ ਦੇ ਡਾ. ਕਨਵਰ ਤਾਜਬੀਰ ਨੂੰ ਚਾਰਜਸ਼ੀਟ ਕੀਤਾ ਗਿਆ ਹੈ। ਡਾ. ਨਵਦੀਪ ਸਿੰਘ ਢਿੱਲੋਂ ਨੂੰ ਬਰਖਾਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਬਾਕੀ ਡਾਕਟਰਾਂ ਖ਼ਿਲਾਫ਼ ਕਾਰਵਾਈ ਚੱਲ ਰਹੀ ਹੈ। ਪਸ਼ੂ ਪਾਲਣ ਵਿਭਾਗ ਦੇ ਸਿਵਲ ਪਸ਼ੂ ਹਸਪਤਾਲ ਸਰਾਏਨਾਗਾ ਦੇ ਡਾ .ਦਿਲਬਾਗ ਸਿੰਘ ਨੂੰ 10 ਅਕਤੂਬਰ 2024 ਨੂੰ ਚਾਰਜਸ਼ੀਟ ਦਾ ਖਰੜਾ ਜਾਰੀ ਕੀਤਾ ਗਿਆ ਹੈ। ਇਸ ਡਾਕਟਰ ਨੇ 27 ਦਿਨ ਲਈ ਐਕਸ ਇੰਡੀਆ ਲੀਵ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਨੇ ਇਸ ਡਾਕਟਰ ਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਸੀ ਅਤੇ ਉਸ ਮਗਰੋਂ ਇਹ ਅਧਿਕਾਰੀ ਗ਼ੈਰਹਾਜ਼ਰ ਹੋ ਗਿਆ। ਡੇਅਰੀ ਵਿਕਾਸ ਵਿਭਾਗ ਦਾ ਡੇਅਰੀ ਵਿਕਾਸ ਇੰਸਪੈਕਟਰ ਨਵਜੋਤ ਸਿੰਘ ਐਕਸ ਇੰਡੀਆ ਲੀਵ ’ਤੇ 10 ਜੂਨ 2024 ਤੱਕ ਕੈਨੇਡਾ ਗਿਆ ਸੀ ਪ੍ਰੰਤੂ ਵਾਪਸ ਨਹੀਂ ਪਰਤਿਆ। ਡੇਅਰੀ ਫ਼ੀਲਡ ਸਹਾਇਕ ਮਨੋਹਰ ਸਿੰਘ 31 ਜਨਵਰੀ 2020 ਨੂੰ ਸਵੈ ਇੱਛਤ ਸੇਵਾ ਮੁਕਤੀ ਲੈ ਕੇ ਆਸਟਰੇਲੀਆ ਚਲਾ ਗਿਆ ਹੈ। ਇਸੇ ਤਰ੍ਹਾਂ ਡੇਅਰੀ ਫ਼ੀਲਡ ਸਹਾਇਕ ਨਵਦੀਪ ਕੌਰ ਵੀ 31 ਮਈ 2024 ਨੂੰ ਨੌਕਰੀ ਛੱਡ ਕੇ ਵਰਕ ਪਰਮਿਟ ’ਤੇ ਕੈਨੇਡਾ ਚਲੀ ਗਈ ਹੈ। ਪਸ਼ੂ ਪਾਲਣ ਵਿਭਾਗ ਦਾ ਡਾ.ਜਰਨੈਲ ਸਿੰਘ, ਡਾ. ਤੇਜਪਾਲ ਸਿੰਘ ਅਤੇ ਡਾ. ਅਮਨਦੀਪ ਸਿੰਘ ਦੀ ਵੀ ਐਕਸ ਇੰਡੀਆ ਲੀਵ ਮਨਜ਼ੂਰ ਹੋ ਗਈ ਹੈ। ਵਿਜੀਲੈਂਸ ਵਲੋਂ ਵੀ ਅਜਿਹੇ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ, ਜੋ ਐਕਸ ਇੰਡੀਆ ਲੀਵ ਲੈ ਕੇ ਵਿਦੇਸ਼ ਗਏ ਸਨ ਪ੍ਰੰਤੂ ਵਾਪਸ ਨਹੀਂ ਪਰਤੇ। ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦਾ ਕਹਿਣਾ ਸੀ ਕਿ ਵੈਟਰਨਰੀ ਡਾਕਟਰਾਂ ਦੀ ਵਿਦੇਸ਼ਾਂ ਵਿਚ ਪ੍ਰਾਈਵੇਟ ਪ੍ਰੈਕਟਿਸ ਕਾਫ਼ੀ ਜ਼ਿਆਦਾ ਹੈ ਜਿਸ ਕਰਕੇ ਪੰਜਾਬ ਦੇ ਡਾਕਟਰ ਵਿਦੇਸ਼ ਵੱਲ ਮੂੰਹ ਕਰ ਰਹੇ ਹਨ।
ਨਾ ਮੁੜਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਖੁੱਡੀਆਂ
ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਵੈਟਰਨਰੀ ਡਾਕਟਰ ਤੇ ਮੁਲਾਜ਼ਮ ਆਪਣੇ ਸੂਬੇ ਨੂੰ ਤਰਜੀਹ ਦੇਣ ਦੀ ਥਾਂ ਵਿਦੇਸ਼ ਨੂੰ ਪਹਿਲ ਦੇ ਰਹੇ ਹਨ ਕਿਉਂਕਿ ਵਿਦੇਸ਼ ਵਿੱਚ ਵੈਟਰਨਰੀ ਦਾ ਕਾਫ਼ੀ ਕੰਮ ਹੈ। ਉਨ੍ਹਾਂ ਦੱਸਿਆ ਕਿ ਇਸੇ ਕਰਕੇ ਹੁਣ ਮਹਿਕਮੇ ਵੱਲੋਂ ਐਕਸ ਇੰਡੀਆ ਲੀਵ ਇੱਕ ਮਹੀਨੇ ਤੋਂ ਵੱਧ ਨਹੀਂ ਦਿੱਤੀ ਜਾਂਦੀ। ਜੋ ਡਾਕਟਰ ਵਾਪਸ ਨਹੀਂ ਪਰਤਦੇ, ਉਨ੍ਹਾਂ ਖ਼ਿਲਾਫ਼ ਫ਼ੌਰੀ ਕਾਰਵਾਈ ਕੀਤੀ ਜਾਂਦੀ ਹੈ।