ਚਰਨਜੀਤ ਭੁੱਲਰ
ਚੰਡੀਗੜ੍ਹ, 24 ਨਵੰਬਰ
ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਪਸ਼ੂਆਂ ਦੀ ਮੂੰਹ-ਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਭੇਜੀ ਦਵਾਈ ਦੇ ਨਮੂਨੇ ਫੇਲ੍ਹ ਹੋ ਗਏ ਹਨ। ਕੇਂਦਰੀ ਪਸ਼ੂ ਪਾਲਣ ਮੰਤਰਾਲੇ ਵੱਲੋਂ ਹੁਣ ਪਸ਼ੂਆਂ ਦਾ ਟੀਕਾਕਰਨ ਰੋਕ ਦਿੱਤਾ ਗਿਆ ਹੈ। ਸੂਤਰ ਆਖਦੇ ਹਨ ਕਿ ਪੰਜਾਬ ਵਿੱਚ ਕਰੀਬ ਪੰਜਾਹ ਫ਼ੀਸਦੀ ਟੀਕਾਕਰਨ ਪਹਿਲਾਂ ਹੀ ਹੋ ਚੁੱਕਾ ਹੈ ਜਦਕਿ ਬਾਕੀ ਦਵਾਈ ਵਾਪਸ ਮੰਗਵਾ ਲਈ ਗਈ ਹੈ। ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਸਬੰਧਤ ਅਧਿਕਾਰੀ ਮਾਮਲੇ ’ਤੇ ਚੁੱਪ ਵੱਟਣ ਲੱਗੇ ਹਨ।
ਕੇਂਦਰੀ ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਡਾਇਰੈਕਟਰ ਨੇ ਬੀਤੇ ਦਿਨ ਦੇਸ਼ ਦੇ ਸੱਤ ਸੂਬਿਆਂ ਦੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰਾਂ ਨੂੰ ਪੱਤਰ ਜਾਰੀ ਕੀਤਾ ਹੈ, ਜਿਨ੍ਹਾਂ ਵਿੱਚ ਪੰਜਾਬ ਤੋਂ ਇਲਾਵਾ ਝਾਰਖੰਡ, ਜੰਮੂ ਕਸ਼ਮੀਰ, ਰਾਜਸਥਾਨ, ਅਸਾਮ, ਦਮਨ ਤੇ ਰਾਜਸਥਾਨ ਵੀ ਸ਼ਾਮਲ ਹਨ। ਪੱਤਰ ਅਨੁਸਾਰ ਪਸ਼ੂਆਂ ‘ਚ ਮੂੰਹ-ਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਕੌਮੀ ਪ੍ਰੋਗਰਾਮ ਚੱਲ ਰਿਹਾ ਹੈ, ਜਿਸ ਤਹਿਤ ਸਾਲ ਵਿੱਚ ਦੋ ਵਾਰ ਪਸ਼ੂਆਂ ਦਾ ਟੀਕਾਕਰਨ ਹੁੰਦਾ ਹੈ।
ਕੇਂਦਰੀ ਪਸ਼ੂ ਪਾਲਣ ਮੰਤਰਾਲੇ ਦੀ ਬਾਇਓਲੌਜੀਕਲ ਸਟੈਂਡਰਡਆਈਜ਼ੇਸ਼ਨ ਡਿਵੀਜ਼ਨ ਨੇ ਰਿਪੋਰਟ ਦਿੱਤੀ ਹੈ ਕਿ ਮੂੰਹ-ਖੁਰ ਦੀ ਰੋਕਥਾਮ ਲਈ ਦਵਾਈ ਸਪਲਾਈ ਕਰਨ ਵਾਲੀ ਕੰਪਨੀ ਮੈਸਰਜ਼ ਬਾਇਓਵੈੱਟ ਪ੍ਰਾਈਵੇਟ ਲਿਮਟਿਡ ਦੇ ਦੋ ਬੈਚ ਦੀ ਦਵਾਈ ਫੇਲ੍ਹ ਹੋ ਗਈ ਹੈ, ਜੋ ਮੰਤਰਾਲੇ ਵੱਲੋਂ ਤੈਅ ਮਿਆਰਾਂ ‘ਤੇ ਖਰੀ ਨਹੀਂ ਉੱਤਰ ਰਹੀ ਸੀ। ਇਸ ਕੰਪਨੀ ਵੱਲੋਂ ਪੰਜਾਬ ਸਮੇਤ ਸੱਤ ਸੂਬਿਆਂ ਵਿੱਚ ਦਵਾਈ ਦੀ ਸਪਲਾਈ ਦਿੱਤੀ ਗਈ ਸੀ। ਬਾਇਓਵੈੱਟ ਕੰਪਨੀ ਨੇ ਖ਼ੁਦ ਮੰਤਰਾਲੇ ਨੂੰ ਆਖ ਦਿੱਤਾ ਹੈ ਕਿ ਉਹ ਸੂਬਿਆਂ ਤੋਂ ਦਵਾਈ ਵਾਪਸ ਮੰਗਵਾ ਰਹੀ ਹੈ। ਪੰਜਾਬ ਵਿੱਚ ਕਰੀਬ 65 ਲੱਖ ਪਸ਼ੂ ਹਨ, ਜਿਨ੍ਹਾਂ ਨੂੰ ਸਾਲ ਵਿੱਚ ਦੋ ਵਾਰੀ ਵੈਕਸੀਨ ਲਗਾਈ ਜਾਂਦੀ ਹੈ। ਸੂਤਰ ਆਖਦੇ ਹਨ ਕਿ ਉਹ ਪਸ਼ੂ ਪਾਲਕ ਖੌਫ਼ ਵਿੱਚ ਹਨ, ਜਿਨ੍ਹਾਂ ਦੇ ਪਸ਼ੂਆਂ ਨੂੰ ਇਹ ਦਵਾਈ ਲਗਾਈ ਜਾ ਚੁੱਕੀ ਹੈ। ਪਤਾ ਲੱਗਾ ਹੈ ਕਿ ਸਮੁੱਚੇ ਪੰਜਾਬ ਵਿੱਚ ਇੱਕੋ ਕੰਪਨੀ ਬਾਇਓਵੈੱਟ ਨੇ ਹੀ ਦਵਾਈ ਭੇਜੀ ਹੈ। ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਨੇ ਅੱਜ ਪੱਤਰ ਜਾਰੀ ਕਰ ਕੇ ਟੀਕਾਕਰਨ ਦਾ ਕੰਮ ਹਾਲ ਦੀ ਘੜੀ ਬੰਦ ਕਰਾ ਦਿੱਤਾ ਹੈ। ਪਸ਼ੂ ਪਾਲਣ ਵਿਭਾਗ ਨੇ ਬਕਾਇਆ ਪਈ ਦਵਾਈ ਦੇ ਵੇਰਵੇ ਵੀ ਮੰਗ ਲਏ ਹਨ।
ਇਸੇ ਤਰ੍ਹਾਂ ਸੰਗਰੂਰ ਦੇ ਡਿਪਟੀ ਡਾਇਰੈਕਟਰ (ਪਸ਼ੂ ਪਾਲਣ) ਨੇ ਸਿਵਲ ਪਸ਼ੂ ਹਸਪਤਾਲਾਂ ਨੂੰ ਫੌਰੀ ਟੀਕਾਕਰਨ ਰੋਕਣ ਲਈ ਆਖ ਦਿੱਤਾ ਹੈ। ਇਹ ਵੀ ਹਦਾਇਤ ਕੀਤੀ ਹੈ ਕਿ ਜਿੰਨਾ ਚਿਰ ਟੀਕਾਕਰਨ ਬੰਦ ਰਹੇਗਾ, ਵਿਭਾਗ ਵੱਲੋਂ ਪਸ਼ੂਆਂ ਨੂੰ ਈਅਰ ਟੈਗਿੰਗ ਕਰਦੇ ਪੋਰਟਲ ’ਤੇ ਰਜਿਸਟ੍ਰੇਸ਼ਨ ਦਾ ਕੰਮ ਜਾਰੀ ਰੱਖਿਆ ਜਾਵੇ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਜਿਹੜੇ ਪਸ਼ੂਆਂ ਨੂੰ ਵਿਭਾਗ ਨੇ ਪਹਿਲਾਂ ਹੀ ਗ਼ੈਰਮਿਆਰੀ ਦਵਾਈ ਲਗਾ ਦਿੱਤੀ ਹੈ, ਜੇ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ।
ਅਫ਼ਸਰਾਂ ਦੇ ਰੌਂਅ ਤੋਂ ਮਾਮਲਾ ਸ਼ੱਕੀ
ਪਸ਼ੂ ਪਾਲਣ ਵਿਭਾਗ ਪੰਜਾਬ ਮਾਮਲੇ ਦੀ ਭਾਫ਼ ਬਾਹਰ ਨਹੀਂ ਕੱਢ ਰਿਹਾ, ਜਿਸ ਤੋਂ ਮਾਮਲਾ ਸ਼ੱਕੀ ਜਾਪਦਾ ਹੈ। ਪਸ਼ੂ ਪਾਲਣ ਮੰਤਰੀ ਖ਼ੁਦ ਇਸ ਗੱਲੋਂ ਅਣਜਾਣ ਹਨ ਅਤੇ ਸੰਯੁਕਤ ਡਾਇਰੈਕਟਰ ਡਾ. ਸੰਜੀਵ ਖੋਸਲਾ ਆਖ ਰਹੇ ਹਨ ਕਿ ਉਨ੍ਹਾਂ ਨੂੰ ਕੁਝ ਪਤਾ ਹੀ ਨਹੀਂ। ਮੂੰਹ-ਖੁਰ ਦੀ ਬਿਮਾਰੀ ਦੀ ਰੋਕਥਾਮ ਵਾਲੇ ਵਿੰਗ ਦੇ ਕੋਆਰਡੀਨੇਟਰ ਡਾ. ਨਰੇਸ਼ ਕੋਛੜ ਆਖਦੇ ਹਨ ਕਿ ਹਾਲੇ ਤਕ 20 ਫ਼ੀਸਦੀ ਟੀਕਾਕਰਨ ਹੋਇਆ ਸੀ ਅਤੇ ਹੁਣ ਕੰਮ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਤੋਂ ਕੰਮ ਸ਼ੁਰੂ ਕੀਤਾ ਗਿਆ ਸੀ। ਡਾ. ਕੋਛੜ ਨੇ ਕੇਂਦਰ ਸਰਕਾਰ ਵੱਲੋਂ ਉਠਾਏ ਕਦਮਾਂ ਦੀ ਤਾਰੀਫ਼ ਕੀਤੀ ਹੈ।