ਜਸਵੰਤ ਜੱਸ
ਫ਼ਰੀਦਕੋਟ, 22 ਅਗਸਤ
ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨੇ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਆਪਣਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਕਰਵਾਉਣ ਦੀ ‘ਦਲੇਰੀ’ ਨਹੀਂ ਦਿਖਾਈ ਅਤੇ ਚੁੱਪ-ਚੁਪੀਤੇ ਪੀਜੀਆਈ ਚੰਡੀਗੜ੍ਹ ਜਾ ਕੇ ਦਾਖ਼ਲ ਹੋ ਗਏ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਅਧੀਨ ਚੱਲ ਰਿਹਾ ਹੈ ਅਤੇ ਡਾ. ਰਾਜ ਬਹਾਦਰ ਇਸ ਕਾਲਜ ’ਚ ਆਰਥੋ ਵਿਭਾਗ ਦੇ ਮੁਖੀ ਵੀ ਹਨ। ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਕਰੋਨਾਵਾਇਰਸ ਦੇ ਇਲਾਜ ਸਬੰਧੀ ਵਿਵਾਦਾਂ ’ਚ ਘਿਰਿਆ ਹੋਇਆ ਹੈ ਅਤੇ ਡਾਕਟਰਾਂ ’ਤੇ ਗੰਭੀਰ ਲਾਪ੍ਰਵਾਹੀਆਂ ਦੇ ਦੋਸ਼ ਲੱਗ ਚੁੱਕੇ ਹਨ। ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਕਿਸਾਨ ਆਗੂ ਲਾਲ ਸਿੰਘ, ਗੁਰਮੀਤ ਸਿੰਘ ਨੇ ਕਿਹਾ ਕਿ ਵਾਈਸ ਚਾਂਸਲਰ ਨੇ ਪੀਜੀਆਈ ਚੰਡੀਗੜ੍ਹ ਦਾਖ਼ਲ ਹੋ ਕੇ ਸਾਰੇ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਹੈ। ਉਪ ਕੁਲਪਤੀ ਡਾ. ਰਾਜ ਬਹਾਦਰ ਨੇ ਦੋ ਦਿਨ ਪਹਿਲਾਂ ਹੀ ਦਾਅਵਾ ਕੀਤਾ ਕਿ ਕਰੋਨਾ ਨਾਲ ਨਜਿੱਠਣ ਲਈ ਉਨ੍ਹਾਂ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਕਿਹਾ ਕਿ ਵਾਈਸ ਚਾਂਸਲਰ ਦੀ ਰਿਪੋਰਟ ਇਕ ਦਿਨ ਪਹਿਲਾਂ ਹੀ ਪਾਜ਼ੇਟਿਵ ਆਈ ਸੀ। ਡਾ. ਰਾਜ ਬਹਾਦਰ ਸ਼ੁੱਕਰਵਾਰ ਸਵੇਰੇ ਸਰਕਾਰੀ ਗੱਡੀ ਰਾਹੀਂ ਫ਼ਰੀਦਕੋਟ ਤੋਂ ਚੰਡੀਗੜ੍ਹ ਗਏ ਜਦਕਿ ਕੋਵਿਡ-19 ਦੇ ਨਿਯਮਾਂ ਅਨੁਸਾਰ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਪੀੜਤ ਵਿਅਕਤੀ ਸਰਕਾਰੀ ਸਾਧਨ ‘ਤੇ ਸਫ਼ਰ ਨਹੀਂ ਕਰ ਸਕਦਾ।