ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 22 ਅਕਤੂਬਰ
Paddy procurement in Punjab: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿਚ ਝੋਨੇ ਦੀ ਖ਼ਰੀਦ ਸਬੰਧੀ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਰਾਈਸ ਮਿੱਲਰਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਗੱਲ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ‘ਮਾਪੇ-ਅਧਿਆਪਕ ਮਿਲਣੀ’ (ਮੈਗਾ ਪੀਟੀਐੱਮ) ਦੌਰਾਨ ਨੰਗਲ (ਰੂਪਨਗਰ) ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ, ਜਿਸਨੂੰ ਖ਼ਬਰ ਏਜੰਸੀ ਏਐੱਨਆਈ ਨੇ ਆਪਣੇ ‘ਐਕਸ’ ਖ਼ਾਤੇ ਉਤੇ ਸ਼ੇਅਰ ਕੀਤਾ ਹੈ।
#WATCH | Rupnagar: On paddy procurement, Punjab CM Bhagwant Mann says, “Today I have spoken to the Union Home Minister Amit Shah and requested him to find a solution to the problem of rice millers as soon as possible because all the demands are related to the central… pic.twitter.com/UC4woM2ZkR
— ANI (@ANI) October 22, 2024
ਉਨ੍ਹਾਂ ਕਿਹਾ, ‘‘ਅੱਜ ਮੈਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਰਾਈਸ ਮਿੱਲਰਾਂ ਦੀ ਸਮੱਸਿਆ ਅਤੇ ਆੜ੍ਹਤੀਆਂ ਦੀ ਜੋ ਸਮੱਸਿਆ ਹੈ, ਉਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਕੱਢਣ ਦੀ ਬੇਨਤੀ ਕੀਤੀ ਹੈ ਕਿਉਂਕਿ ਇਹ ਸਾਰੀਆਂ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ।’’
ਉਨ੍ਹਾਂ ਕਿਹਾ, ‘‘ਅਸੀਂ ਪੰਜਾਬ ਨਾਲ ਸਬੰਧਤ ਉਨ੍ਹਾਂ ਦੀਆਂ ਕਰੀਬ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਹਨ। ਮੈਂ ਉਨ੍ਹਾਂ ਨੂੰ ਦਿੱਲੀ ਲੈ ਕੇ ਵੀ ਗਿਆ ਸਾਂ, ਭਲਕੇ ਵੀ ਉਨ੍ਹਾਂ ਦੀ ਮੀਟਿੰਗ ਹੈ।… ਰਾਈਸ ਮਿੱਲਰਾਂ ਕੋਲ 120 ਲੱਖ ਮੀਟਰਿਕ ਟਨ ਚੌਲ ਬੀਤੇ ਸਾਲ ਦਾ ਪਿਆ ਹੈ, ਉਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੈ, ਕਿਉਂਕਿ ਜਦੋਂ ਪਹਿਲਾਂ ਵਾਲਾ ਨਹੀਂ ਚੁੱਕਿਆ ਤਾਂ ਅਗਾਂਹ ਬਾਰੇ ਕੀ ਉਮੀਦ ਕੀਤੀ ਜਾਵੇ।’’ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਇਹ ਮਾਮਲੇ ਛੇਤੀ ਤੋਂ ਛੇਤੀ ਨਿਬੇੜੇ ਜਾਣ।
ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਖ਼ਰੀਦ ਜਾਰੀ ਹੈ। ਉਨ੍ਹਾਂ ਕਿਹਾ, ‘‘ਕੁਝ ਜ਼ਿਲ੍ਹਿਆਂ ਵਿਚ ਲਿਫਟਿੰਗ ਦੀ ਕੁਝ ਸਮੱਸਿਆ ਹੈ, ਜਿਹੜੀ ਇਕ-ਦੋ ਦਿਨਾਂ ਵਿਚ ਹੱਲ ਹੋ ਜਾਵੇਗੀ।’’