ਜਗਮੋਹਨ ਸਿੰਘ
ਘਨੌਲੀ, 12 ਜੁਲਾਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਗੈਸ ਏਜੰਸੀ ਦੀ ਆਰਟੀਪੀ ਕੋਆਪਰੇਟਿਵ ਗੈਸ ਏਜੰਸੀ ਦੇ ਗੁਦਾਮ ਵਿੱਚੋਂ ਗੁਦਾਮ ਕੀਪਰ ਵੱਲੋਂ ਸਿਲੰਡਰਾਂ ਵਿੱਚੋਂ ਗੈਸ ਕੱਢੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਣ ਉਪਰੰਤ ਖ਼ਪਤਕਾਰਾਂ ਵਿੱਚ ਹਾਹਾਕਾਰ ਮੱਚ ਗਈ ਹੈ। ਵਾਇਰਲ ਵੀਡੀਓ ਵਿੱਚ ਗੈਸ ਏਜੰਸੀ ਦਾ ਗੁਦਾਮ ਕੀਪਰ ਗੁਦਾਮ ਵਿੱਚ ਹੀ ਵਿਸ਼ੇਸ਼ ਕਿਸਮ ਦੇ ਯੰਤਰ ਰਾਹੀਂ ਸਿਲੰਡਰਾਂ ਵਿੱਚੋਂ ਸ਼ਰੇਆਮ ਗੈਸ ਕੱਢਦਾ ਨਜ਼ਰ ਆ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਗੈਸ ਏਜੰਸੀ ਦੀ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਹੰਗਾਮੀ ਮੀਟਿੰਗ ਸੱਦ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਸੰਪਰਕ ਕੀਤੇ ਜਾਣ ’ਤੇ ਗੈਸ ਏਜੰਸੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੇਸ਼ ਧੀਮਾਨ ਅਤੇ ਮੈਨੇਜਰ ਰਣਜੀਤ ਸਿੰਘ ਨੀਲੋਂ ਨੇ ਦੱਸਿਆ ਕਿ ਅੱਜ ਕਮੇਟੀ ਦੀ ਮੀਟਿੰਗ ਦੌਰਾਨ ਗੈਸ ਏਜੰਸੀ ਦੇ ਗੁਦਾਮ ਕੀਪਰ ਨੂੰ ਸੱਦ ਕੇ ਵੀਡੀਓ ਸਬੰਧੀ ਪੜਤਾਲ ਕਰਨ ਉਪਰੰਤ ਉਸ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਨੂੰ ਲਿਖਤੀ ਤੌਰ ’ਤੇ ਆਪਣਾ ਪੱਖ ਪੇਸ਼ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਘਟਨਾ ਸਬੰਧੀ ਵਿਸ਼ੇਸ਼ ਕਮੇਟੀ ਦਾ ਗਠਨ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਮੇਟੀ ਦੀ ਰਿਪੋਰਟ ਮਿਲਣ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।