ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ , 10 ਜੁਲਾਈ
ਵਿਜੀਲੈਂਸ ਦੀ ਟੀਮ ਨੇ ਅੱਜ ਨੈਸ਼ਨਲ ਹਾਈਵੇਅ ਵੱਲੋਂ ਜ਼ਮੀਨ ਐਕੁਆਇਰ ਕਰਨ ਦੇ ਬਦਲੇ 30 ਹਜ਼ਾਰ ਰੁਪਏ ਰਿਸ਼ਵਤ ਮੰਗਣ ਵਾਲੇ ਡੀਆਰਓ ਦਫ਼ਤਰ ਦੇ ਦੋ ਅਧਿਕਾਰੀਆਂ ਸਣੇ ਚਾਰ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਪਿੰਡ ਘਵੱਦੀ ਵਾਸੀ ਯਾਦਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਡੀਆਰਓ ਦਫ਼ਤਰ ’ਚ ਤਾਇਨਾਤ ਪਟਵਾਰੀ ਰਾਮ ਸਿੰਘ, ਕਲਰਕ ਨਰੇਸ਼ ਕੁਮਾਰ, ਸੜਕਾਂ ਦੀ ਉਸਾਰੀ ਕਰਨ ਵਾਲੀ ਕੰਪਨੀ ਸੀਗਲ ਦੇ ਮੁਲਾਜ਼ਮ ਹਰਕੀਰਤ ਸਿੰਘ ਬੇਦੀ ਤੇ ਮੋਹਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਨਆਰਆਈ ਯਾਦਵਿੰਦਰ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ 6 ਕਨਾਲ ਜ਼ਮੀਨ ਦਿੱਲੀ-ਕੱਟਰਾ ਐਕਸਪ੍ਰੈੱਸ ਹਾਈਵੇਅ ’ਚ ਐਕੁਆਇਰ ਕੀਤੀ ਗਈ ਹੈ। ਉਸ ਦਾ 49 ਲੱਖ ਰੁਪਏ ਮੁਆਵਜ਼ਾ ਬਕਾਇਆ ਹੈ। ਮੁਲਜ਼ਮਾਂ ਨੇ ਉਸ ਨੂੰ 2-3 ਦਿਨਾਂ ’ਚ ਮੁਆਵਜ਼ਾ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ, ਪਰ ਉਸ ਲਈ 30 ਹਜ਼ਾਰ ਰੁਪਏ ਰਿਸ਼ਵਤ ਮੰਗੀ।