ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਜੁਲਾਈ
ਸਥਾਨਕ ਵਿਜੀਲੈਂਸ ਬਿਊਰੋ ਨੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸੀ ਆਗੂ ਦਿਨੇਸ਼ ਬੱਸੀ ਨੂੰ ਅੱਜ ਸ਼ਾਮ ਇੱਥੇ ਟਰੱਸਟ ਦੇ ਇਕ ਪਲਾਟ ਨੂੰ ਸਰਕਾਰੀ ਸਕੀਮ ਰੇਟ ਤੋਂ ਘੱਟ ਕੀਮਤ ’ਤੇ ਅਲਾਟ ਕਰਨ ਅਤੇ ਕੁਲੈਕਟਰ ਰੇਟ ਤੋਂ ਘੱਟ ਰੇਟ ’ਤੇ ਰਜਿਸਟਰੀ ਕੀਤੇ ਜਾਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਐੱਸਐੱਸਪੀ ਵਰਿੰਦਰ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਜੋ ਕਿ ਇਸ ਵੇਲੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੀ ਹਨ, ਵੱਲੋਂ ਵਿਜੀਲੈਂਸ ਬਿਊਰੋ ਮੁੁਹਾਲੀ ਦੇ ਡਾਇਰੈਕਟਰ ਨੂੰ ਇਸ ਸਬੰਧੀ ਪੱਤਰ ਭੇਜ ਕੇ ਕਾਰਵਾਈ ਲਈ ਆਖਿਆ ਗਿਆ ਸੀ। ਇਸ ਪੱਤਰ ਦੇ ਆਧਾਰ ’ਤੇ ਵਿਜੀਲੈਂਸ ਵਿਭਾਗ ਨੇ ਕਾਂਗਰਸੀ ਆਗੂ ਦਿਨੇਸ਼ ਬੱਸੀ ਖ਼ਿਲਾਫ਼ ਆਈਪੀਸੀ ਦੀ ਧਾਰਾ 409, 201 ਅਤੇ 120 ਬੀ ਸਮੇਤ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13(2 ) ਹੇਠ ਕੇਸ ਦਰਜ ਕੀਤਾ ਹੈ। ਕੇਸ ਵਿਚ ਦੱਸਿਆ ਗਿਆ ਕਿ ਰਣਜੀਤ ਐਵੇਨਿਊ ਦੇ ਡੀ-ਬਲਾਕ ਵਿਚ ਪਲਾਟ ਨੰਬਰ 204-ਡੀ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਸੁਰਜੀਤ ਕੌਰ ਦੇ ਨਾਂ ਅਲਾਟ ਕੀਤਾ ਗਿਆ ਹੈ। ਦੋਸ਼ ਲਾਇਆ ਗਿਆ ਹੈ ਕਿ ਇਹ ਪਲਾਟ ਉਸ ਵੇਲੇ ਦੇ ਸਰਕਾਰੀ ਰੇਟ ਅਤੇ ਟਰੱਸਟ ਦੀ ਸਕੀਮ ਰੇਟ ਤੋਂ ਘੱਟ ਕੀਮਤ ’ਤੇ ਅਲਾਟ ਕੀਤਾ ਗਿਆ ਹੈ। ਇਸ ਦੀ ਰਜਿਸਟਰੀ ਵੀ ਕੁਲੈਕਟਰ ਰੇਟ ਤੋਂ ਘੱਟ ਰੇਟ ’ਤੇ ਕੀਤੀ ਗਈ ਹੈ। ਇਹ ਸਾਰਾ ਕੁਝ ਸਾਬਕਾ ਚੇਅਰਮੈਨ ਵੱਲੋਂ ਉਸ ਦੇ ਦੋ ਸਾਥੀਆਂ ਵਿਕਾਸ ਖੰਨਾ ਅਤੇ ਰਾਘਵ ਸ਼ਰਮਾ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਰਿਪੋਰਟ ਵਿਚ ਦੋਸ਼ ਲਾਇਆ ਗਿਆ ਕਿ ਕਾਂਗਰਸੀ ਆਗੂ ਇਸ ਪਲਾਟ ਦੀਆਂ ਅਸਲ ਫਾਈਲਾਂ, ਡੁਪਲੀਕੇਟ ਫਾਈਲਾਂ ਅਤੇ ਲੀਗਲ ਫਾਈਲਾਂ ਆਪਣੇ ਨਾਲ ਲੈ ਗਿਆ ਹੈ। ਮਾਮਲੇ ਦੀ ਜਾਂਚ ਦੌਰਾਨ ਉਸ ਕੋਲੋਂ ਇਹ ਫਾਈਲਾਂ ਕਈ ਵਾਰ ਮੰਗੀਆਂ ਗਈਆਂ, ਪਰ ਉਸ ਨੇ ਇਹ ਫਾਈਲਾਂ ਜਮ੍ਹਾਂ ਨਹੀਂ ਕਰਵਾਈਆਂ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਆਗੂ ਇਹ ਫਾਈਲਾਂ ਖੁਰਦ ਬੁਰਦ ਕਰਨ ਦੇ ਮੰਤਵ ਨਾਲ ਆਪਣੇ ਨਾਲ ਲੈ ਗਿਆ ਸੀ। ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਵਿਕਾਸ ਖੰਨਾ ਨੇ ਆਪਣੇ ਆਪ ਨੂੰ ਬੇਰੁਜ਼ਗਾਰ ਦੱਸ ਕੇ ਵੇਰਕਾ ਦਾ ਇੱਕ ਬੂਥ ਵੀ ਦਿਨੇਸ਼ ਬੱਸੀ ਨਾਲ ਰਲ ਕੇ ਅਲਾਟ ਕਰਵਾਇਆ ਹੈ। ਕਾਂਗਰਸੀ ਆਗੂ ਦਿਨੇਸ਼ ਬੱਸੀ ਨੂੰ ਕੈਪਟਨ ਸਰਕਾਰ ਵੇਲੇ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ।