ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਅਗਸਤ
ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ ਕੀਤੀ ਗਈ ਹੈ। ਇਹ ਜਾਂਚ ਯੂਨੀਵਰਸਿਟੀ ਦੀ ਟੀਚਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਆਰੰਭੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੀਚਰ ਐਸੋਸੀਏਸ਼ਨ ਨੇ ਦੋਸ਼ ਲਾਇਆ ਸੀ ਕਿ ਯੂਨੀਵਰਸਿਟੀ ਵਿੱਚ ਕਈ ਅਸਾਮੀਆਂ ਦੀਆਂ ਨਿਯੁਕਤੀਆਂ ਗਲਤ ਢੰਗ ਨਾਲ ਕੀਤੀਆਂ ਗਈਆਂ ਹਨ ਤੇ ਇਸ ਮਾਮਲੇ ’ਚ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਕੁਝ ਖ਼ਾਸ ਲੋਕਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਕਈ ਵਿੱਤੀ ਬੇਨਿਯਮੀਆਂ ਦੇ ਵੀ ਦੋਸ਼ ਲਾਏ ਗਏ ਸਨ। ਇਸ ਸਬੰਧੀ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਲਖਵਿੰਦਰ ਸਿੰਘ ਤੇ ਸਕੱਤਰ ਪ੍ਰੋ. ਐੱਨਪੀਐੱਸ ਸੈਣੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਗਵਰਨਰ ਨੂੰ ਵੀ ਸ਼ਿਕਾਇਤਾਂ ਭੇਜੀਆਂ ਗਈਆਂ ਸਨ। ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਦੇ ਆਈਜੀ ਮਨਮੋਹਨ ਸਿੰਘ ਵੱਲੋਂ ਕੀਤੀ ਜਾਵੇਗੀ। ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਕੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਕੁਝ ਅਸੰਤੁਸ਼ਟ ਅਧਿਆਪਕ ਨਿਯੁਕਤੀਆਂ ਤੇ ਵਿੱਤੀ ਮਾਮਲਿਆਂ ਸਬੰਧੀ ਬੇਬੁਨਿਆਦ ਦੋਸ਼ ਲਾ ਕੇ ਯੂਨੀਵਰਸਿਟੀ ਦਾ ਨਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਇਹ ਸਾਰੇ ਦੋਸ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਜਨਹਿੱਤ ਪਟੀਸ਼ਨ ਦੇ ਰੂਪ ਵਿੱਚ ਪਹਿਲਾਂ ਹੀ ਖਾਰਜ ਕੀਤੇ ਜਾ ਚੁੱਕੇ ਹਨ। ਪ੍ਰਸ਼ਾਸਨ ਨੇ ਦੋਸ਼ ਲਾਇਆ ਕਿ ਇਸ ਪਿੱਛੇ ’ਵਰਸਿਟੀ ਦੇ ਕੁਝ ਅਧਿਆਪਕਾਂ ਦੇ ਸਵਾਰਥ ਅਤੇ ਨਿੱਜੀ ਮਨੋਰਥ ਸ਼ਾਮਲ ਹਨ।