ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 23 ਜੂਨ
ਵਿਜੀਲੈਂਸ ਵਿਭਾਗ ਦੀ ਇਕ ਟੀਮ ਨੇ ਇੱਥੇ ਆਰਟੀਏ ਦਫ਼ਤਰ ਵਿੱਚ ਛਾਪਾ ਮਾਰ ਕੇ ਕਥਿਤ ਤੌਰ ’ਤੇ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਆਰਟੀਏ ਦੇ ਗੰਨਮੈਨ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਤੋਂ ਆਈ ਵਿਜੀਲੈਂਸ ਦੀ ਟੀਮ ਪੁੱਛ-ਪੜਤਾਲ ਲਈ ਆਰਟੀਏ ਤਰਸੇਮ ਕੁਮਾਰ ਨੂੰ ਵੀ ਆਪਣੇ ਨਾਲ ਲੈ ਗਈ। ਬਾਜ ਸਿੰਘ ਵਾਸੀ ਮਲੋਟ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਨਿਊ ਪ੍ਰੀਤ ਟਰਾਂਸਪੋਰਟ ਕੰਪਨੀ ਦਾ ਮਾਲਕ ਹੈ ਅਤੇ ਆਰਟੀਏ ਉਸ ਦੀ ਕੰਪਨੀ ਦੀਆਂ ਬੱਸਾਂ ਨੂੰ ਸੜਕ ’ਤੇ ਚਲਾਉਣ ਲਈ ਪ੍ਰਤੀ ਮਹੀਨਾ 25 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਦਾ ਹੈ। ਅੱਜ ਜਦੋਂ ਬਾਜ ਸਿੰਘ ਨੇ 15 ਹਜ਼ਾਰ ਰੁਪਏ ਆਰਟੀਏ ਦੇ ਗੰਨਮੈਨ ਨੂੰ ਰਿਸ਼ਵਤ ਵਜੋਂ ਦਿੱਤੇ ਤਾਂ ਵਿਜੀਲੈਂਸ ਨੇ ਕਥਿਤ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਦੇ ਡੀਐੱਸਪੀ ਹਰਵਿੰਦਰ ਸਿੰਘ ਨੇ ਕਿਹਾ ਕਿ ਅਮਰਜੀਤ ਸਿੰਘ ਕੋਲੋਂ 15 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ।