ਸ਼ਗਨ ਕਟਾਰੀਆ
ਬਠਿੰਡਾ, 23 ਜੁਲਾਈ
ਮੀਂਹ ਦੇ ਖੜ੍ਹੇ ਪਾਣੀ ’ਚ ਰਿੜ੍ਹਦੀ ਕਿਸ਼ਤੀ ’ਚ ਕਾਨੂੰਨ ਦੇ ਵੱਟੇ ਪੈ ਗਏ ਹਨ। ਮੁਸ਼ਕਿਲਾਂ ਨੂੰ ਨਾਟਕੀ ਅੰਦਾਜ਼ ’ਚ ਉਭਾਰਨ ਵਾਲੇ ਸਾਬਕਾ ਕੌਂਸਲਰ ਵਿਜੈ ਕੁਮਾਰ ’ਤੇ ਥਾਣਾ ਕੈਨਾਲ ’ਚ ਧਾਰਾ 336 ਤਹਿਤ ਪਰਚਾ ਦਰਜ ਹੋ ਗਿਆ ਹੈ। ਜਨਤਕ ਸਮੱਸਿਆਵਾਂ ਦੇ ਵਿਰੋਧ ਲਈ ਵਿਜੈ ਕੁਮਾਰ ਵੱਲੋਂ ਵਰਤੇ ਜਾਂਦੇ ‘ਬਹੁ-ਰੂਪੀਏ’ ਅੰਦਾਜ਼ ਅਕਸਰ ਸੁਰਖ਼ੀਆਂ ਬਟੋਰਦੇ ਹਨ। ਰਾਮਲੀਲ੍ਹਾ ’ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਵਿਜੈ ਨੇ ਗਲ਼ੀਆਂ ਵਿੱਚ ਖੜ੍ਹੇ ਪਾਣੀ ’ਚ 21 ਜੁਲਾਈ ਨੂੰ ਕਿਸ਼ਤੀ ਚਲਾ ਕੇ ਸ਼ਹਿਰ ’ਚੋਂ ਪਾਣੀ ਦੇ ਨਿਕਾਸ ਦੇ ਨਾਕਸ ਸਿਸਟਮ ਨੂੰ ਸਾਹਮਣੇ ਲਿਆਂਦਾ ਸੀ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕੇ ਦੀ ਤਸਵੀਰ ਪੇਸ਼ ਕੀਤੀ ਸੀ। ਵਿਜੈ ਨੇ ਛੋਟੇ-ਛੋਟੇ ਬੱਚਿਆਂ ਨੂੰ ਕਿਸ਼ਤੀ ’ਚ ਬਿਠਾ ਕੇ ਖੁਦ ਮਲਾਹ ਦੀ ਭੂਮਿਕਾ ਨਿਭਾਈ। ਇਸ ਮੌਕੇ ਖੁਦ ਵਿਜੈ ਨੇ ਤਾਂ ਸੇਫ਼ਟੀ ਜੈਕਟ ਪਹਿਨੀ ਹੋਈ ਸੀ, ਜਦ ਕਿ ਬੱਚਿਆਂ ਨੇ ਇਹ ਨਹੀਂ ਸੀ ਪਹਿਨੀ।