ਆਤਿਸ਼ ਗੁਪਤਾ
ਚੰਡੀਗੜ੍ਹ, 9 ਅਕਤੂਬਰ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੇ ਲੋਕਾਂ ਦਾ ਸਹਿਯੋਗ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਪੇਂਡੂ ਚੌਕੀਦਾਰ ਇਸ ਮਹਿੰਗਾਈ ਦੇ ਸਮੇਂ ਵਿੱਚ ਵੀ ਸਿਰਫ਼ 1,250 ਰੁਪਏ ਪ੍ਰਤੀ ਮਹੀਨਾ ’ਤੇ ਕੰਮ ਕਰਨ ਲਈ ਮਜਬੂਰ ਹਨ। ਸੂਬੇ ਵਿੱਚ 10,500 ਦੇ ਕਰੀਬ ਚੌਕੀਦਾਰ ਅਜਿਹੇ ਹਨ, ਜਿਨ੍ਹਾਂ ਵੱਲੋਂ ਕਈ ਵਾਰ ਮੰਗ ਕਰਨ ਦੇ ਬਾਵਜੂਦ ਸਰਕਾਰ ਨੇ ਮਾਸਿਕ ਭੱਤੇ ’ਚ ਕੋਈ ਵਾਧਾ ਨਹੀਂ ਕੀਤਾ। ਪੇਂਡੂ ਚੌਕੀਦਾਰ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਪੇਂਡੂ ਚੌਕੀਦਾਰਾਂ ਦੀ ਤਨਖਾਹ ਡਿਪਟੀ ਕਮਿਸ਼ਨਰ ਰੇਟ ’ਤੇ ਦੇਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਫਕੀਰ ਸਿੰਘ ਅਤੇ ਸਲਾਹਕਾਰ ਓਮਕਾਰ ਸ਼ਰਮਾ ਨੇ ਕਿਹਾ ਕਿ ਚੌਕੀਦਾਰਾਂ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਜਦੋਂ ਉਨ੍ਹਾਂ ਵੱਲੋਂ ਮਾਲ ਮਹਿਕਮੇ ਕੋਲ ਪਹੁੰਚ ਕੀਤੀ ਜਾਂਦੀ ਹੈ ਤਾਂ ਅਧਿਕਾਰੀ ‘ਚੌਕੀਦਾਰਾਂ ਦੀ ਤਨਖਾਹ ਲਈ ਬਜਟ ਨਹੀਂ ਆਇਆ’ ਕਹਿ ਕੇ ਸਾਰ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪੇਂਡੂ ਚੌਕੀਦਾਰਾਂ ਦੀ ਤਨਖਾਹ ਡੀਸੀ ਰੇਟ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ’ਤੇ ਲਾਗੂ ਕੀਤੀ ਜਾ ਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਤਨਖ਼ਾਹ ਹਰ ਮਹੀਨੇ 10 ਤਰੀਕ ਨੂੰ ਦੇਣੀ ਤੈਅ ਕੀਤ ਜਾਵੇ।