ਪੱਤਰ ਪ੍ਰੇਰਕ
ਫਗਵਾੜਾ, 26 ਸਤੰਬਰ
ਪਿੰਡ ਗੰਡਵਾਂ ਵਿਖੇ ਬੀਤੇ ਦਿਨੀ ਇੱਕ ਜ਼ਮੀਨੀ ਝਗੜੇ ’ਚ ਹੋਏ ਕਤਲ ਦੇ ਸਬੰਧ ’ਚ ਪੁਲੀਸ ਵਲੋਂ ਕੇਸ ’ਚ ਸ਼ਾਮਲ ਮੈਂਬਰਾਂ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਪਿੰਡ ਵਾਸੀਆਂ ਨੇ ਅੱਜ ਥਾਣਾ ਸਤਨਾਮਪੁਰਾ ਦਾ ਘਿਰਾਓ ਕੀਤਾ ਤੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦਾ ਤਿੱਖਾ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਪਰ ਹੁਣ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਉਨ੍ਹਾਂ ਨੂੰ ਪਤਾ ਨਹੀਂ ਕਿਉਂ ਨਹੀਂ ਫੜ ਰਹੀ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਤੁਰੰਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਨਾ ਭੇਜਿਆ ਤਾਂ ਉਹ ਸੜਕ ਰੋਕਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਨਾਲ ਪੁਲੀਸ ਨਰਮ ਵਤੀਰਾ ਅਪਣਾ ਰਹੀ ਹੈ। ਮੌਕੇ ’ਤੇ ਐਸ.ਐਚ.ਓ ਸਤਨਾਮਪੁਰਾ ਸੁਰਜੀਤ ਸਿੰਘ ਪੁੱਜੇ ’ਤੇ ਪਿੰਡ ਵਾਸੀਆਂ ਨੇ ਗੱਲਬਾਤ ਕਰਕੇ ਉਨ੍ਹਾਂ ਨੂੰ ਤੁਰੰਤ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਮਾਮਲੇ ’ਚ ਤਿੰਨ ਮੁਲਜ਼ਮ ਪਹਿਲਾਂ ਹੀ ਫੜੇ ਜਾ ਚੁੱਕੇ ਹਨ ਜਦਕਿ ਅੱਜ ਜਸਬੀਰ ਸਿੰਘ ਵਾਸੀ ਹਰਦਾਸਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕੋਈ ਨਰਮ ਵਤੀਰਾ ਨਹੀਂ ਅਪਣਾ ਰਹੀ। ਉਨ੍ਹਾਂ ਕਿਹਾ ਕਿ ਪੁਲੀਸ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪੇ ਮਾਰ ਰਹੀ ਹੈ ਤੇ ਜਲਦ ਹੀ ਸਾਰੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ।