ਜਗਮੋਹਨ ਸਿੰਘ
ਘਨੌਲੀ, 5 ਫਰਵਰੀ
ਗਣਤੰਤਰ ਪਰੇਡ ਮੌਕੇ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦਿੱਲੀ ਪੁਲੀਸ ਦੀ ਕ੍ਰਾਈਮ ਬਰਾਂਚ ਵੱਲੋਂ ਧਰਮਿੰਦਰ ਸਿੰਘ ਹਰਮਨ ਉਰਫ਼ ਸੇਠੀ ਖ਼ਿਲਾਫ਼ ਦੇਸ਼ਧਰੋਹ ਦਾ ਕੇਸ ਪਾਉਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਪਿੰਡ ਵਾਸੀਆਂ ਨੇ ਤਿੱਖਾ ਵਿਰੋਧ ਕੀਤਾ ਹੈ। ਹਰਮਨ ਦੇ ਜੱਦੀ ਪਿੰਡ ਘਨੌਲੀ ਵਿਚ ਕੁਦਰਤ ਦੇ ਬੰਦੇ ਗਰੁੱਪ ਸੰਚਾਲਕ ਵਿੱਕੀ ਧੀਮਾਨ ਦੀ ਅਗਵਾਈ ਵਿੱਚ ਇਲਾਕੇ ਦੇ ਲੋਕਾਂ ਨੇ ਇਕੱਤਰ ਹੋ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਹਰਮਨ ਦੀ ਗ੍ਰਿਫ਼ਤਾਰ ਦੀ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਉਧਰ ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਹਰਮਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਗ੍ਰਿਫਤਾਰ ਨੌਜਵਾਨ ਨੂੰ ਰਿਹਾਅ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਢੁਕਵੀਂ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।