ਦਵਿੰਦਰ ਪਾਲ
ਚੰਡੀਗੜ੍ਹ, 26 ਜੂਨ
ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸਾਸ਼ਕੀ ਫੇਰਬਦਲ ਕਰਦਿਆਂ 1987 ਬੈਚ ਦੀ ਆਈਏਐੱਸ ਅਧਿਕਾਰੀ ਸ੍ਰੀਮਤੀ ਵਿੰਨੀ ਮਹਾਜਨ ਨੂੰ ਸੂਬੇ ਦੀ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਹੈ। ਤਾਜ਼ਾ ਹੁਕਮਾਂ ਮੁਤਾਬਕ ਮੌਜੂਦਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਪ੍ਰਸ਼ਾਸਕੀ ਸੁਧਾਰ ਵਿਭਾਗ ਦਾ ਵਿਸ਼ੇਸ਼ ਮੁੱਖ ਸਕੱਤਰ ਲਾ ਦਿੱਤਾ ਹੈ। ਸ੍ਰੀਮਤੀ ਮਹਾਜਨ ਪੰਜਾਬ ਦੇ ਪਹਿਲੇ ਮਹਿਲਾ ਮੁੱਖ ਸਕੱਤਰ ਹੋਣਗੇ। ਉਨ੍ਹਾਂ ਦੇ ਪਤੀ ਦਿਨਕਰ ਗੁਪਤਾ 1987 ਬੈਚ ਦੇ ਹੀ ਆਈਪੀਐੱਸ ਅਧਿਕਾਰੀ ਹਨ। ਇਸ ਵੇਲੇ ਉਹ ਸੂਬੇ ਦੇ ਡੀਜੀਪੀ ਹਨ। ਇਹ ਵੀ ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਪਤੀ-ਪਤਨੀ ਨੂੰ ਸਿਵਲ ਤੇ ਪੁਲੀਸ ਦੇ ਸਿਖਰਲੇ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ ਹੋਵੇ। ਮੁੱਖ ਸਕੱਤਰ ਦੇ ਅਹੁਦੇ ਲਈ 1984 ਬੈੱਚ ਦੇ ਆਈ ਏ ਐਸ ਅਧਿਕਾਰੀ ਕਰਨਬੀਰ ਸਿੰਘ ਸਿੱਧੂ ਵੱਲੋਂ ਵੀ ਪਿਛਲੇ ਸਮੇਂ ਤੋਂ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।