ਇਕਬਾਲ ਸਿੰਘ ਸ਼ਾਂਤ
ਲੰਬੀ, 5 ਮਾਰਚ
ਵਿਧਾਨ ਸਭਾ ਚੋਣਾਂ ਦੇ 10 ਮਾਰਚ ਨੂੰ ਆ ਰਹੇ ਨਤੀਜਿਆਂ ਸਬੰਧੀ ਵੋਟਰਾਂ ਦੀ ਚੁੱਪ ਸਿਆਸੀ ਆਗੂਆਂ ਨੂੰ ਤਰੇਲੀਆਂ ਲਿਆ ਰਹੀ ਹੈ। ਸੂਬੇ ’ਚ ਆਮ ਘਰਾਂ ਦੇ ਬੂਹੇ-ਬਨੇਰਿਆਂ ’ਤੇ ਲੱਗੇ ਕਈ-ਕਈ ਪਾਰਟੀਆਂ ਦੇ ਝੰਡਿਆਂ ਨੇ ਉਮੀਦਵਾਰਾਂ ਦੇ ਟੇਵੇ ਮਧੋਲ ਦਿੱਤੇ ਹਨ।
ਲੰਬੀ ਹਲਕੇ ਦੇ ਇੱਕ ਘਰ ’ਤੇ ਤਿੰਨ ਪਾਰਟੀਆਂ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਝੰਡੇ ਲੱਗੇ ਵੇਖ ਉਸ ਘਰ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਹੜਾ ਆਈ ਗਿਆ, ਆਪਣੀ ਪਾਰਟੀ ਦਾ ਝੰਡਾ ਲਾਈ ਗਿਆ। ਕਿਸੇ ਨੂੰ ਨਾਂਹ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਸੋਚਿਆ ਇਨ੍ਹਾਂ ਨੂੰ ਹੁਣ ਆਪਣੀ ਮਰਜ਼ੀ ਕਰ ਲੈਣ ਦਿਓ। ਬਟਨ ਦੱਬਣ ਲੱਗੇ ਅਸੀਂ ਆਪਣੀ ਮਰਜ਼ੀ ਕਰ ਲਵਾਂਗੇ।’’ ਜਦੋਂ ਤਿੰਨਾਂ ਝੰਡਿਆਂ ’ਚੋਂ ਵੋਟ ਕਿਹਦੇ ਹਿੱਸੇ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਚੰਗੇ ਬੰਦੇ ਨੂੰ ਵੋਟ ਪਾਈ ਏ।’’ ਜਦੋਂ ਪੁੱਛਿਆ ਕਿ ਚੰਗਾ ਕਿਹੜਾ ਏ ਤਾਂ ਜਵਾਬ ਮਿਲਿਆ, ‘‘ਸਾਰੇ ਚੰਗੇ ਆ, ਅਸੀਂ ਕਿਸੇ ਨਾਲ ਕਿਉਂ ਵਿਗਾੜੀਏ। ਪਰ ਵੋਟ ਚੰਗੇ ਬੰਦੇ ਨੂੰ ਐ, ਇਹ ਪੱਕਾ ਏ।’’ ਉਸ ਦੇ ਨੇੜਲੇ ਘਰ ’ਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਝੰਡੇ ਲੱਗੇ ਹਨ। ਜਦੋਂ ਉਸ ਘਰ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਬਦਲਾਅ ਨੂੰ ਵੋਟ ਪਾਈ ਹੈ।
ਸੂਬੇ ਭਰ ’ਚ ਵੋਟਾਂ ਦੀ ਖਰੀਦੋ-ਫਰੋਖ਼ਤ ਦੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ। ਕੁਝ ਥਾਈਂ ਕਈ ਵੋਟਰਾਂ ਵੱਲੋਂ ਇੱਕੋ ਪਾਰਟੀ ਤੋਂ ਦੋ-ਦੋ ਵਾਰ ਪੈਸੇ ਲੈਣ ਦੇ ਖੁਲਾਸੇ ਹੋਏ ਹਨ। ਇੱਕ ਆਗੂ ਨੇ ਦੱਸਿਆ ਕਿ ਹੁਣ ਵੋਟ ਖਰੀਦਣਾ ਵੀ ਧਾਰਾ 307 ਨਾਲੋਂ ਭੈੜਾ ਹੋ ਗਿਆ ਹੈ। ਕੁਝ ਲੋਕ ਨਾਲੇ ਵੋਟਾਂ ਦੇ ਪੈਸੇ ਲੈ ਗਏ ਤੇ ਨਾਲੇ ਮੋਬਾਈਲ ਵਿਖਾ ਕੇ ਡਰਾਵਾ ਦਿੰਦੇ ਰਹੇ ਕਿ ਉਹ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣਗੇ।
ਨਵੇਂ ਸੂਟ ਸਿਲਾਉਣ ਤੋਂ ਝਿਜਕ ਰਹੇ ਨੇ ਉਮੀਦਵਾਰ
ਇਸ ਵਾਰ ਸਿਆਸਤਦਾਨਾਂ ਦੇ ਦਰਜੀਆਂ ਦਾ ਕੰਮ ਵੀ ਮੱਠਾ ਦੱਸਿਆ ਜਾ ਰਿਹਾ ਹੈ। ਸੰਭਾਵੀ ਜਿੱਤ ਮਨ ’ਚ ਪਾਲਣ ਵਾਲੇ ਰਵਾਇਤੀ ਉਮੀਦਵਾਰਾਂ ਦੇ ਮਨਾਂ ’ਚ ਐਤਕੀਂ ਚਾਅ ਨਾਲੋਂ ਡਰ ਵੱਧ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ ’ਚ ਉਮੀਦਵਾਰ ਸਹੁੰ ਚੁੱਕਣ ਲਈ ਨਵੇਂ ਸੂਟ ਸਿਲਾਉਣ ਤੋਂ ਝਿਜਕ ਰਹੇ ਹਨ। ਇੱਕ ਦਰਜੀ ਨੇ ਕਿਹਾ ਕਿ ਇਸ ਵਾਰ ਉਮੀਦਵਾਰਾਂ ’ਚ ਨਤੀਜਿਆਂ ਪ੍ਰਤੀ ਪਹਿਲਾਂ ਵਾਲਾ ਚਾਅ ਨਹੀਂ ਦਿਖਾਈ ਦੇ ਰਿਹਾ, ਜਿਸ ਦਾ ਉਨ੍ਹਾਂ ਦੇ ਕਾਰੋਬਾਰ ’ਤੇ ਕਾਫੀ ਅਸਰ ਪੈ ਰਿਹਾ ਹੈ।