ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਫਰਵਰੀ
ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਅੱਜ 74.78 ਫੀਸਦੀ ਵੋਟਿੰਗ ਹੋਈ ਅਤੇ 9222 ਉਮੀਦਵਾਰਾਂ ਦੀ ਕਿਸਮਤ ਈਵੀਐੱਮ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਕਈ ਥਾਵਾਂ ਤੋਂ ਹਿੰਸਾ ਹੋਣ ਦੀਆਂ ਖ਼ਬਰਾਂ ਵੀ ਹਨ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਤੱਕ ਚੱਲੀ। ਵੋਟਿੰਗ ਸ਼ੁਰੂ ਹੁੰਦਿਆਂ ਹੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਵਿਖਾਈ ਦੇ ਰਿਹਾ ਸੀ। ਪੋਲਿੰਗ ਸਟੇਸ਼ਨ ਦੇ ਬਾਹਰ ਵੋਟਾਂ ਪਾਉਣ ਵਾਲੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ। ਸੂਬੇ ਵਿੱਚ ਕਈ ਥਾਵਾਂ ’ਤੇ ਸੰਘਣੀ ਧੁੰਦ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਪਹੁੰਚੇ। ਇਨ੍ਹਾਂ ਚੋਣਾਂ ਲਈ ਪੁਲੀਸ ਦੇ ਵੱਡੀ ਗਿਣਤੀ ਵਿੱਚ ਜਵਾਨ ਤਾਇਨਾਤ ਕੀਤੇ ਗਏ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 8 ਵਜੇ ਕੀਤੀ ਜਾਵੇਗੀ। ਪਟਿਆਲਾ ਜ਼ਿਲ੍ਹੇ ਦੇ ਸਮਾਣਾ ਤੇ ਪਾਤੜਾਂ ਦੇ ਤਿੰਨ ਪੋਲਿੰਗ ਬੂਥਾਂ ’ਤੇ ਮੁੜ ਵੋਟਿੰਗ ਹੋਣ ਦੀ ਸੰਭਾਵਨਾ ਹੈ। ਵੇਰਵਿਆਂ ਅਨੁਸਾਰ ਪਾਤੜਾਂ ਦੇ ਵਾਰਡ ਨੰਬਰ ਅੱਠ ਦੇ ਬੂਥ ਨੰਬਰ 11 ’ਤੇ ਅੱਜ ਅਣਪਛਾਤੇ ਵਿਅਕਤੀਆਂ ਨੇ ਕਬਜ਼ਾ ਕਰ ਲਿਆ ਅਤੇ ਵੋਟਿੰਗ ਮਸ਼ੀਨ ਲੈ ਕੇ ਫਰਾਰ ਹੋ ਗਏ। ਥਾਣਾ ਪਾਤੜਾਂ ਦੇ ਮੁੱਖ ਥਾਣਾ ਅਫਸਰ ਰਣਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕਰ ਲਿਆ ਹੈ ਅਤੇ ਈਵੀਐੱਮ ਮਗਰੋਂ ਇਕ ਸਕੂਲ ’ਚੋਂ ਬਰਾਮਦ ਕਰ ਲਈ ਗਈ ਹੈ। ਇਸੇ ਤਰ੍ਹਾਂ ਸਮਾਣਾ ਦੇ ਵਾਰਡ ਨੰਬਰ 11 ਦੇ ਦੋ ਪੋਲਿੰਗ ਬੂਥਾਂ 22 ਤੇ 23 ’ਤੇ ਸਿਆਸੀ ਧਿਰਾਂ ਦੀ ਆਪਸੀ ਲੜਾਈ ਵਿਚ ਦੋ ਵੋਟਿੰਗ ਮਸ਼ੀਨਾਂ ਟੁੱਟ ਗਈਆਂ ਹਨ। ਸੂਤਰਾਂ ਅਨੁਸਾਰ ਇਨ੍ਹਾਂ ਤਿੰਨੋਂ ਬੂਥਾਂ ’ਤੇ ਮੁੜ ਚੋਣ ਲਈ ਲਿਖਿਆ ਜਾ ਰਿਹਾ ਹੈ। ਪੰਜਾਬ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮਾਨਸਾ ਵਿੱਚ ਸਭ ਤੋਂ ਵੱਧ 82.99 ਫ਼ੀਸਦੀ ਅਤੇ ਮੁਹਾਲੀ ਵਿੱਚ ਸਭ ਤੋਂ ਘੱਟ 60.08 ਫੀਸਦੀ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹ ਵਿਖਾਇਆ। ਸੂਬੇ ਦੇ ਹੋਰ ਜ਼ਿਲ੍ਹਿਆਂ ਰੂਪਨਗਰ (73.80 ਫੀਸਦੀ), ਫਤਹਿਗੜ੍ਹ ਸਾਹਿਬ (75.78), ਅੰਮ੍ਰਿਤਸਰ (71.20), ਤਰਨ ਤਾਰਨ (63.12), ਗੁਰਦਾਸਪੁਰ (70), ਪਠਾਨਕੋਟ (75.37), ਬਠਿੰਡਾ (79), ਫਰੀਦਕੋਟ (71.03) ਹੁਸ਼ਿਆਰਪੁਰ (66.68), ਜਲੰਧਰ (73.29), ਕਪੂਰਥਲਾ, (64.34), ਸ਼ਹੀਦ ਭਗਤ ਸਿੰਘ ਨਗਰ (69.71), ਫ਼ਿਰੋਜ਼ਪੁਰ (74.01), ਸ੍ਰੀ ਮੁਕਤਸਰ ਸਾਹਿਬ (68.65), ਮੋਗਾ (69.50) ਫ਼ਾਜ਼ਿਲਕਾ (72.40), ਪਟਿਆਲਾ (70.09), ਲੁਧਿਆਣਾ (70.33), ਬਰਨਾਲਾ (72.24) ਅਤੇ ਸੰਗਰੂਰ (77.39) ਵਿੱਚ ਵੀ ਵੋਟਿੰਗ ਹੋਈ।