ਹਰਪ੍ਰੀਤ ਕੌਰ
ਹੁਸ਼ਿਆਰਪੁਰ, 20 ਨਵੰਬਰ
ਚੱਬੇਵਾਲ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਅੱਜ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਿਆ। ਸਵੇਰ ਵੇਲੇ ਪੋਲਿੰਗ ਮੱਠੀ ਰਹੀ ਪਰ ਹੌਲੀ-ਹੌਲੀ ਵੋਟਰਾਂ ਨੇ ਪੋਲਿੰਗ ਬੂਥਾਂ ’ਤੇ ਪਹੁੰਚਣਾ ਸ਼ੁਰੂ ਕਰ ਦਿੱਤਾ। ਸਵੇਰੇ 11 ਵਜੇ ਤੱਕ ਸਿਰਫ਼ 12.71 ਫ਼ੀਸਦੀ ਵੋਟਾਂ ਹੀ ਪਈਆਂ ਸਨ।ਬਾਅਦ ਦੁਪਹਿਰ 3 ਵਜੇ ਤੱਕ 40.25 ਫ਼ੀਸਦੀ ਵੋਟਾਂ ਪੋਲ ਹੋਈਆਂ। ਸ਼ਾਮ 6 ਵਜੇ ਤੱਕ 53 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਕਈ ਵੋਟਰ ਇਸ ਗਲਤਫ਼ਹਿਮੀ ਕਾਰਨ ਦੇਰੀ ਨਾਲ ਵੋਟ ਪਾਉਣ ਨਿਕਲੇ ਕਿ ਪੋਲਿੰਗ 8 ਵਜੇ ਸ਼ੁਰੂ ਹੋਣੀ ਹੈ ਜਦੋਂਕਿ ਇਹ ਕੰਮ ਸਵੇਰੇ 7 ਵਜੇ ਸ਼ੁਰੂ ਹੋ ਗਿਆ ਸੀ। ਚੱਬੇਵਾਲ ਹਲਕੇ ਦੇ 1,59,432 ਵੋਟਰ ਛੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਮੁੱਖ ਉਮੀਦਵਾਰਾਂ ’ਚ ਸਿਰਫ਼ ਭਾਜਪਾ ਦੇ ਸੋਹਣ ਸਿੰਘ ਠੰਡਲ ਹੀ ਵੋਟ ਪਾ ਸਕੇ ਕਿਉਂਕਿ ਆਮ ਆਦਮੀ ਪਾਰਟੀ ਦੇ ਇਸ਼ਾਂਕ ਕੁਮਾਰ ਅਤੇ ਕਾਂਗਰਸ ਦੇ ਰਣਜੀਤ ਕੁਮਾਰ ਹਲਕੇ ਦੇ ਰਜਿਸਟਰਡ ਵੋਟਰ ਨਹੀਂ ਹਨ। ਉਨ੍ਹਾਂ ਦੀਆਂ ਵੋਟਾਂ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ’ਚ ਬਣੀਆਂ ਹੋਈਆਂ ਹਨ। ਤਿੰਨਾਂ ਉਮੀਦਵਾਰਾਂ ਨੇ ਆਪੋ-ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ‘ਆਪ’ ਉਮੀਦਵਾਰ ਨੂੰ ਸਰਕਾਰ ਵੱਲੋਂ ਕਰਵਾਏ ਵਿਕਾਸ ਦੇ ਕੰਮਾਂ ਲਈ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ। ਕਾਂਗਰਸ ਦੇ ਉਮੀਦਵਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਲੋਕ ਕਾਂਗਰਸ ਨੂੰ ਹੀ ਜਿਤਾਉਣਗੇ। ਤੀਜੇ ਪਾਸੇ ਭਾਜਪਾ ਉਮੀਦਵਾਰ ਨੂੰ ਉਮੀਦ ਹੈ ਕਿ ਲੋਕ ਕੇਂਦਰ ਦੀਆਂ ਨੀਤੀਆਂ ਨਾਲ ਸਹਿਮਤ ਹੁੰਦਿਆਂ ਉਸ ਨੂੰ ਹੀ ਵੋਟ ਪਾਉਣਗੇ।
ਅੱਜ ਹਲਕੇ ਦੇ 205 ਪੋਲਿੰਗ ਬੂਥਾਂ ’ਤੇ ਵੋਟਿੰਗ ਹੋਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਵਿਘਨ ਵੋਟਿੰਗ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਪੁਲੀਸ ਦੇ 650 ਦੇ ਕਰੀਬ ਮੁਲਾਜ਼ਮ ਡਿਊਟੀ ’ਤੇ ਤਾਇਨਾਤ ਸਨ।
ਇਸ ਦੌਰਾਨ ਡਿਪਟੀ ਕਮਿਸ਼ਨਰ-ਜ਼ਿਲ੍ਹਾ-ਚੋਣਕਾਰ ਅਧਿਕਾਰੀ ਕੋਮਲ ਮਿੱਤਲ ਅਤੇ ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਹਲਕੇ ਵਿਚ ਕਿਸੇ ਵੀ ਬੂਥ ਤੋਂ ਕਿਸੇ ਕਿਸਮ ਦੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ।