ਜਗਮੋਹਨ ਸਿੰਘ/ਬਹਾਦਰਜੀਤ ਸਿੰਘ
ਘਨੋਲੀ/ਰੂਪਨਗਰ, 7 ਅਕਤੂਬਰ
ਪਿੰਡ ਨੂੰਹੋਂ ਤੇ ਰਤਨਪੁਰਾ ਦੀ ਜਲ ਸਪਲਾਈ ਸਕੀਮ ਦਾ ਬੋਰ ਫੇਲ੍ਹ ਹੋ ਜਾਣ ਉਪਰੰਤ ਦੋਵੇਂ ਪਿੰਡਾਂ ਦੇ ਵਸਨੀਕਾਂ ਵਿੱਚ ਪੀਣ ਵਾਲੇ ਪਾਣੀ ਲਈ ਹਾਹਾਕਾਰ ਮਚੀ ਹੋਈ ਹੈ। ਪਿੰਡ ਨੂੰਹੋਂ ਦੀ ਸਰਪੰਚ ਅਮਰਜੀਤ ਕੌਰ, ਪਿੰਡ ਰਤਨਪੁਰਾ ਦੀ ਸਰਪੰਚ ਜਸਬੀਰ ਕੌਰ, ਸਾਂਝਾ ਚੇਤਨਾ ਮੰਚ ਪੰਜਾਬ ਦੀ ਪ੍ਰਧਾਨ ਜਸਪ੍ਰੀਤ ਕੌਰ ਨੂੰਹੋਂ ਅਤੇ ਪੰਚ ਮੋਹਣ ਲਾਲ ਜੌਲੀ ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਦੱਸਿਆ ਕਿ ਪਿੰਡ ਨੂੰਹੋਂ ਅਤੇ ਰਤਨਪੁਰਾ ਅੰਬੂਜਾ ਸੀਮਿੰਟ ਫੈਕਟਰੀ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਬਿਲਕੁਲ ਨੇੜੇ ਸਥਿਤ ਹਨ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਦੋਵੇਂ ਅਦਾਰਿਆਂ ਦੇ ਪ੍ਰਦੂਸ਼ਣ ਦੀ ਮਾਰ ਝੱਲਣੀ ਪੈ ਰਹੀ ਹੈ ਅਤੇ ਪ੍ਰਦੂਸ਼ਣ ਕਾਰਨ ਇਨ੍ਹਾਂ ਦੋਵੇਂ ਪਿੰਡਾਂ ਦੇ ਨਲਕਿਆਂ ਦਾ ਪਾਣੀ ਪੀਣਯੋਗ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਲਈ ਜਿਹੜੀ ਜਲ ਸਪਲਾਈ ਸਕੀਮ ਬਣਾਈ ਗਈ ਸੀ, ਉਹ ਸਕੀਮ ਕਦੇ ਵੀ ਸਹੀ ਤਰੀਕੇ ਨਾਲ ਨਹੀਂ ਚੱਲ ਸਕੀ ਤੇ ਪਿਛਲੇ ਕੁੱਝ ਮਹੀਨਿਆਂ ਤੋਂ ਤਾਂ ਇਸ ਸਕੀਮ ਦਾ ਬੋਰ ਫੇਲ੍ਹ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਮਹਿਕਮੇ ਦੇ ਅਧਿਕਾਰੀ ਉਨ੍ਹਾਂ ਨੂੰ ਹਰ ਵਾਰ ਛੇਤੀ ਹੀ ਨਵਾਂ ਬੋਰ ਕਰਵਾਉਣ ਦਾ ਲਾਰਾ ਲਾ ਕੇ ਤੋਰ ਦਿੰਦੇ ਹਨ, ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਨਵਾਂ ਬੋਰ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਅੰਬੂਜਾ ਸੀਮਿੰਟ ਫੈਕਟਰੀ ਜਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਮੈਨੇਜਮੈਂਟ ਦੀ ਮਦਦ ਨਾਲ ਪੀਣ ਵਾਲੇ ਪਾਣੀ ਦੇ ਟੈਂਕਰ ਦੋਵਾਂ ਪਿੰਡਾਂ ਦੇ ਵਸਨੀਕਾਂ ਲਈ ਮੁਹੱਈਆ ਕਰਵਾਏ ਜਾਣ।