ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਗਸਤ
ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਵੱਲ ਖੜ੍ਹੇ ਬਿਜਲੀ ਬਿੱਲਾਂ ਦੇ ਬਕਾਇਆਂ ’ਤੇ ਲੀਕ ਮਾਰ ਦਿੱਤੀ ਹੈ। ਪਾਵਰਕੌਮ ਨੇ ਅੱਜ ਇਸ ਸਬੰਧੀ ਸਰਕੁਲਰ ਜਾਰੀ ਕਰ ਦਿੱਤਾ ਹੈ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਘਰੇਲੂ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਬਿਜਲੀ ਬਿੱਲਾਂ ਦੇ ਸਾਰੇ ਬਕਾਏ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਸੀ ਜਿਸ ਨੂੰ ਅੱਜ ਅਮਲੀ ਰੂਪ ਦਿੱਤਾ ਗਿਆ ਹੈ। ਸਰਕੁਲਰ ਅਨੁਸਾਰ ਜਿਨ੍ਹਾਂ ਘਰੇਲੂ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਬਿਜਲੀ ਬਿੱਲਾਂ ਦੇ ਬਕਾਏ ਦੀ ਰਕਮ ਦਾ ਭੁਗਤਾਨ 30 ਜੂਨ 2022 ਤੱਕ ਨਹੀਂ ਕੀਤਾ ਗਿਆ, ਉਹ ਮੁਆਫ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਰਿਹਾਇਸ਼ੀ ਬਿਜਲੀ ਸਪਲਾਈ ਵਿਚ ਪਹਿਲਾਂ ਆਉਂਦੇ ਸਰਕਾਰੀ ਹਸਪਤਾਲ, ਡਿਸਪੈਂਸਰੀਆਂ, ਸਾਰੇ ਧਾਰਮਿਕ ਸਥਾਨ, ਸਰਕਾਰੀ ਖੇਡ ਸੰਸਥਾਵਾਂ, ਸੈਨਿਕ ਰੈਸਟ ਹਾਊਸ, ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਅਤੇ ਅਟੈਚਡ ਹੋਸਟਲਾਂ ਨੂੰ ਇਸ ਬਕਾਇਆ ਮੁਆਫੀ ਸਕੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਪਾਵਰਕੌਮ ਹੁਣ ਅਜਿਹੇ ਸਾਰੇ ਬਿਜਲੀ ਕੁਨੈਕਸ਼ਨਾਂ ਨੂੰ ਮੁੜ ਜੋੜੇਗੀ ਜਿਨ੍ਹਾਂ ਦੇ ਬਿੱਲ 31 ਦਸੰਬਰ 2021 ਤੱਕ ਭਰੇ ਨਹੀਂ ਗਏ ਸਨ। ਕੁਨੈਕਸ਼ਨ ਮੁੜ ਜੋੜਨ ਲਈ ਜੁਰਮਾਨੇ ਦੀ ਅਦਾਇਗੀ ਸਰਕਾਰ ਕਰੇਗੀ।