ਜਗਮੋਹਨ ਸਿੰਘ
ਘਨੌਲੀ, 21 ਦਸੰਬਰ
ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਸਿਰਸਾ ਨਦੀ ਪਾਰ ਕਰਵਾਉਣ ਵਾਲੇ ਮਲਾਹ ਕੁੰਮਾ ਮਾਸ਼ਕੀ ਦੀ ਯਾਦ ਨੂੰ ਤਾਜ਼ਾ ਕਰਨ ਲਈ ਇਲਾਕੇ ਦੀਆਂ ਸੰਗਤਾਂ ਨੇ ‘ਸਫਰ-ਏੇ-ਸ਼ਹਾਦਤ’ ਤਹਿਤ ਪੈਦਲ ਮਾਰਚ ਕੀਤਾ। ਇਸ ਸਬੰਧ ਵਿੱਚ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਦਰਬਾਰ ਹਾਲ ਵਿਚ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਵਾਇਆ ਗਿਆ। ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਸ਼ੇਸ਼ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਮੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਪੈਦਲ ਮਾਰਚ ਸ਼ੁਰੂ ਹੋਇਆ।
ਇਹ ਪੈਦਲ ਮਾਰਚ ਮਾਜਰੀ ਗੁੱਜਰਾਂ, ਕੋਟਬਾਲਾ, ਆਸਪੁਰ ਤੇ ਰਣਜੀਤਪੁਰਾ ਫੰਦੀ ਹੁੰਦਾ ਹੋਇਆ ਬਾਅਦ ਦੁਪਹਿਰ ਗੁਰਦੁਆਰਾ ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਪੁੱਜ ਕੇ ਸੰਪੂਰਨ ਹੋਇਆ। ਪ੍ਰਬੰਧਕਾਂ ਵੱਲੋਂ ਸੰਗਤ ਨੂੰ ਸਿਰਸਾ ਨਦੀ ਪਾਰ ਕਰਵਾਉਣ ਲਈ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਪੂਰਾ ਰਸਤਾ ਪੈਦਲ ਚੱਲ ਕੇ ਆਈਆਂ ਸੰਗਤਾਂ ਨੇ ਸਿਰਸਾ ਨਦੀ ਦੇ ਠੰਢੇ ਪਾਣੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸਿਰਸਾ ਨਦੀ ਪੈਦਲ ਹੀ ਪਾਰ ਕੀਤੀ। ਗੁਰਦੁਆਰਾ ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ ਪਹੁੰਚਣ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਬਣ ਸਿੰਘ ਅਤੇ ਇਤਿਹਾਸਕ ਅਸਥਾਨ ਕੁੰਮਾ ਮਾਸ਼ਕੀ ਦੇ ਖੋਜਕਰਤਾ ਭਾਈ ਸੁਰਿੰਦਰ ਸਿੰਘ ਖਜ਼ੂਰਲਾ ਵੱਲੋਂ ਪੈਦਲ ਮਾਰਚ ਦੀ ਅਗਵਾਈ ਕਰਨ ਵਾਲੇ ਪੰਜ ਪਿਆਰਿਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਗੁਰੂ ਗੋਬਿੰਦ ਸਿੰਘ ਦੀ ਯਾਦ ਨੂੰ ਸਮਰਪਿਤ ਮਾਰਚ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਦੇ ਇਤਿਹਾਸਕ ਮੌਕੇ ਨੂੰ ਯਾਦ ਕਰਦਿਆਂ ਅੱਜ ਸ਼ੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਮਨਪ੍ਰੀਤ ਸਿੰਘ ਅਤੇ ਕਥਾਵਾਚਕ ਬਾਬਾ ਬੰਤਾ ਸਿੰਘ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪੈਦਲ ਯਾਤਰਾ ਵੀ ਕੀਤੀ ਗਈ। ਬਾਬਾ ਬੰਤਾ ਸਿੰਘ ਨੇ ਕਿਹਾ ਕਿ ਅੱਜ ਦੇਸ਼ ਵਾਸੀਆਂ ਨੂੰ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਯਾਦ ਕਰਵਾਉਣ ਦੀ ਲੋੜ ਹੈ। ਇਸੇ ਦੌਰਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਆਪਣਾ ਪਰਿਵਾਰ ਵਾਰ ਕੇ ਦੇਸ਼ ਲਈ ਵੱਡੀ ਕੁਰਬਾਨੀ ਦਿੱਤੀ। ਗੁਰਮਤਿ ਸਮਾਗਮ ਜੀ ਆਰੰਭਤਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੀਤੀ।