ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਜੁਲਾਈ
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ ’ਤੇ ਕਾਂਗਰਸੀ ਵਿਧਾਇਕਾਂ ਤੇ ਹੋਰ ਆਗੂਆਂ ਦੀ ਆਮਦ ਅੱਜ ਦਿਨ ਚੜ੍ਹਦਿਆਂ ਹੀ ਸ਼ੁਰੂ ਹੋ ਗਈ। ਇਸ ਦੌਰਾਨ ਸਭ ਤੋਂ ਪਹਿਲਾਂ ਵਿਧਾਇਕ ਰਾਜਾ ਵੜਿੰਗ ਅਤੇ ਕੁਲਬੀਰ ਸਿੰਘ ਜ਼ੀਰਾ ਪਹੁੰਚੇ, ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦਿੱਤੀ। ਦੋਹਾਂ ਵਿਧਾਇਕਾਂ ਨੇ ਪੂਰੀ ਤਰ੍ਹਾਂ ਸ੍ਰੀ ਸਿੱਧੂ ਦੇ ਨਾਲ ਚੱਲਣ ਦਾ ਪ੍ਰਣ ਲੈਂਦਿਆਂ, ਕਾਂਗਰਸ ਹਾਈਕਮਾਨ ਵੱਲੋਂ ਲਏ ਗਏ ਇਸ ਫ਼ੈਸਲੇ ਦਾ ਹਾਰਦਿਕ ਸਵਾਗਤ ਵੀ ਕੀਤਾ।
ਉਸ ਤੋਂ ਬਾਅਦ ਸ੍ਰੀ ਸਿੱਧੂ ਸਵੇਰੇ 11 ਕੁ ਵਜੇ ਆਪਣੀ ਪਟਿਆਲਾ ਸਥਿਤ ਰਿਹਾਇਸ਼ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਏ। ਉਹ ਵਿਧਾਇਕ ਰਾਜਾ ਵੜਿੰਗ ਦੀ ਗੱਡੀ ਵਿੱਚ ਬੈਠੇ ਜਿਸ ਨੂੰ ਖ਼ੁਦ ਰਾਜਾ ਵੜਿੰਗ ਚਲਾ ਰਹੇ ਹਨ। ਉਨ੍ਹਾਂ ਦੇ ਨਾਲ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਨਵਜੋਤ ਸਿੱਧੂ ਦੇ ਪੀਏ ਸੁਮਿਤ ਵੀ ਸਨ। ਇਸੇ ਦੌਰਾਨ ਸਿੱਧੂ ਸਮਰਥਕ ਸ਼ੈਰੀ ਰਿਆੜ ਅਤੇ ਕਾਂਗਰਸੀ ਆਗੂ ਡਾ. ਰਾਜ ਕੁਮਾਰ ਡਕਾਲਾ ਸਮੇਤ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕਈ ਹੋਰ ਕਾਂਗਰਸੀ ਵਰਕਰ ਵੀ ਨਵਜੋਤ ਸਿੱਧੂ ਦਾ ਸਵਾਗਤ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਹੋਏ ਸਨ। ਜ਼ਿਕਰਯੋਗ ਹੈ ਕਿ ਲੰਘੀ ਰਾਤ ਵੱਲੋਂ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਸ੍ਰੀ ਸਿੱਧੂ ਅੱਧੀ ਰਾਤ ਨੂੰ ਆਪਣੇ ਪਟਿਆਲਾ ਸਥਿਤ ਘਰ ਪਹੁੰਚੇ ਸਨ। ਉਸ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਕਾਲੀ ਮਾਤਾ ਮੰਦਰ ਸਮੇਤ, ਮਸਜਿਦ ਤੇ ਹੋਰ ਧਾਰਮਿਕ ਸਥਾਨਾਂ ’ਤੇ ਵੀ ਮੱਥਾ ਟੇਕਿਆ ਸੀ। ਅੱਧੀ ਰਾਤ ਨੂੰ ਘਰ ਪੁੱਜਣ ’ਤੇ ਸਮਰਥਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ ਤੇ ਢੋਲ ’ਤੇ ਭੰਗੜੇ ਪਾਏ ਗਏ ਸਨ।