ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਅਪਰੈਲ
ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੇ ਕੇਂਦਰ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼ਹੀਦੀ ਸਮਾਰਕ ਨੂੰ 15 ਦਿਨਾਂ ਵਿੱਚ ਆਮ ਲੋਕਾਂ ਲਈ ਨਾ ਖੋਲ੍ਹਿਆ ਗਿਆ ਤਾਂ ਜੱਲ੍ਹਿਆਂਵਾਲਾ ਬਾਗ਼ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਸ਼ਹੀਦਾਂ ਦੇ ਪਰਿਵਾਰਾਂ ਵੱਲੋਂ 13 ਅਪਰੈਲ ਨੂੰ ਵੀ ਅੰਦਰ ਨਾ ਜਾਣ ਦੇਣ ’ਤੇ ਜੱਲ੍ਹਿਆਂਵਾਲਾ ਬਾਗ਼ ਅੱਗੇ ਧਰਨਾ ਦਿੱਤਾ ਗਿਆ ਸੀ। ਜੱਲ੍ਹਿਆਂਵਾਲਾ ਬਾਗ਼ ਸ਼ਹੀਦ ਪਰਿਵਾਰ ਸਮਿਤੀ ਦੇ ਪ੍ਰਧਾਨ ਮਹੇਸ਼ ਬਹਿਲ ਨੇ ਅੱਜ ਇੱਥੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਭੇਜ ਕੇ ਜੱਲ੍ਹਿਆਂਵਾਲਾ ਬਾਗ਼ ਨੂੰ ਆਮ ਲੋਕਾਂ ਲਈ 15 ਦਿਨਾਂ ਦੇ ਅੰਦਰ ਖੋਲ੍ਹਣ ਦੀ ਮੰਗ ਕੀਤੀ ਹੈ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜੱਲ੍ਹਿਆਂਵਾਲਾ ਬਾਗ਼ ਦੇ ਬਾਹਰ ਭੁੱਖ ਹੜਤਾਲ ’ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਦੀ 102ਵੀਂ ਵਰ੍ਹੇਗੰਢ ਮੌਕੇ 13 ਅਪਰੈਲ ਨੂੰ ਵੀ ਸ਼ਹੀਦੀ ਸਮਾਰਕ ਬੰਦ ਰੱਖਿਆ ਗਿਆ ਸੀ, ਜਿਸ ਕਾਰਨ ਸ਼ਹੀਦਾਂ ਦੇ ਪਰਿਵਾਰ ਤੇ ਹੋਰ ਲੋਕ ਸ਼ਰਧਾਂਜਲੀ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਲੌਕਡਾਊਨ ਮਗਰੋਂ ਸਾਰੇ ਧਾਰਮਿਕ ਅਸਥਾਨਾਂ ਸਮੇਤ ਬਾਜ਼ਾਰ ਤੇ ਮਾਲ ਲੋਕਾਂ ਲਈ ਖੋਲ੍ਹੇ ਹੋਏ ਹਨ ਪਰ ਜੱਲ੍ਹਿਆਂਵਾਲਾ ਬਾਗ਼ ਨੂੰ ਪਿਛਲੇ ਇਕ ਸਾਲ ਤੋਂ ਬੰਦ ਕੀਤਾ ਹੋਇਆ ਹੈ।
ਮਹੇਸ਼ ਬਹਿਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 13 ਅਪਰੈਲ ਨੂੰ ਆਪਣੇ ਦਾਦਾ ਸ਼ਹੀਦ ਲਾਲ ਹਰੀ ਬਹਿਲ ਨੂੰ ਸ਼ਰਧਾਂਜਲੀ ਦੇਣ ਆਇਆ ਸੀ ਪਰ ਸਮਾਰਕ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਇਸ ਮੌਕੇ ਵਿਮਲ ਕਪੂਰ, ਨੋਨਿਸ਼ ਬਹਿਲ, ਟੇਕ ਚੰਦ ਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।