ਗੁਰਦੇਵ ਸਿੰਘ ਗਹੂੰਣ
ਬਲਾਚੌਰ, 26 ਦਸੰਬਰ
ਪਿੰਡ ਲੋਹਟਾਂ ਦੇ ਵਾਸੀਆਂ ਨੇ ਨਾਲ ਲੱਗਦੇ ਪਿੰਡ ਸੁੱਧਾ ਮਾਜਰਾ ਵਾਸੀਆਂ ਵੱਲੋਂ ਧੱਕੇ ਨਾਲ ਉਨ੍ਹਾਂ ਦੇ ਪਿੰਡ ਦੀ ਜ਼ਮੀਨ ਵਿੱਚ ਗੰਦਾ ਪਾਣੀ ਪਾਉਣ ਸਬੰਧੀ ਵਿਰੋਧ ਦਰਜ ਕਰਵਾਉਂਦਿਆਂ ਬਲਾਚੌਰ-ਰੋਪੜ ਕੌਮੀ ਹਾਈਵੇਅ ਜਾਮ ਕਰ ਕੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਗੁਰਮਖ ਸਿੰਘ, ਸੁਰਜੀਤ ਸਿੰਘ ਅਤੇ ਰਾਜਿੰਦਰ ਸਿੰਘ ਨੇ ਕਿਹਾ ਕਿ ਪਿੰਡ ਸੁੱਧਾ ਮਾਜਰਾ ਦੇ ਲੋਕ ਉਨ੍ਹਾਂ ਦੇ ਪਿੰਡ ਲੋਹਟਾਂ ਦੀ ਜ਼ਮੀਨ ਨਾਲ ਪਾਈਪਾਂ ਰਾਹੀਂ ਪਿੰਡ ਦਾ ਗੰਦਾ ਪਾਣੀ ਸਾਈਫਨ ਵਿੱਚ ਪਾਉਣਾ ਚਾਹੁੰਦੇ ਹਨ ਅਤੇ ਇਸ ਧੱਕੇਸ਼ਾਹੀ ਖਿਲਾਫ਼ ਦਰਖਾਸਤ ਦੇਣ ਦੇ ਬਾਵਜੂਦ ਸੁੱਧਾ ਮਾਜਰਾ ਵਾਸੀ ਪ੍ਰਸ਼ਾਸਨ ਨਾਲ ਕਥਿਤ ਮਿਲੀ-ਭੁਗਤ ਕਰ ਕੇ ਪਾਈਪ ਦਬਾ ਕੇ ਗੰਦੇ ਪਾਣੀ ਦਾ ਨਿਕਾਸ ਕਰਨ ਲਈ ਬਜ਼ਿੱਦ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਥਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕੇਸ ਦਰਜ ਕਰਨ ਦਾ ਡਰਾਵਾ ਦੇ ਕੇ ਧਮਕਾਇਆ ਜਾ ਰਿਹਾ ਹੈ।
ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਵਰਿੰਦਰ ਸਿੰਘ, ਸਦਰ ਥਾਣਾ ਮੁਖੀ ਬਲਾਚੌਰ ਅਵਤਾਰ ਸਿੰਘ ਅਤੇ ਐਡੀਸ਼ਨਲ ਥਾਣਾ ਮੁਖੀ ਕਾਠਗੜ੍ਹ ਬਲਵਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਾਲੂ ਕੀਤਾ।