ਆਤਿਸ਼ ਗੁਪਤਾ
ਚੰਡੀਗੜ੍ਹ, 29 ਅਗਸਤ
ਪੰਜਾਬ ਸਮੇਤ ਦੇਸ਼ ਭਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਮਹਿਲਾ ਕਿਸਾਨ ਪ੍ਰਦਰਸ਼ਨਕਾਰੀਆਂ ਨਾਲ ਹੋ ਰਹੀ ਬਦਸਲੂਕੀ ਅਤੇ ਕਿਸਾਨਾਂ ’ਤੇ ਲਾਠੀਚਾਰਜ ਦੇ ਵਿਰੋਧ ’ਚ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਸੂਬਾਈ ਦਫ਼ਤਰ ਦਾ ਘਿਰਾਓ ਕੀਤਾ। ਚੰਡੀਗੜ੍ਹ ਪੁਲੀਸ ਨੇ ‘ਆਪ’ ਆਗੂਆਂ ਨੂੰ ਭਾਜਪਾ ਦਫ਼ਤਰ ਤੋਂ ਕੁਝ ਦੂਰੀ ’ਤੇ ਬੈਰੀਕੇਡ ਲਗਾ ਕੇ ਰੋਕ ਲਿਆ। ‘ਆਪ’ ਆਗੂਆਂ ਨੇ ਭਾਜਪਾ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਧੱਕਾ-ਮੁੱਕੀ ਕੀਤੀ। ਇਸ ਕਾਰਨ ‘ਆਪ’ ਦੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਰਾਜਵਿੰਦਰ ਕੌਰ ਅਤੇ ਯੂਥ ਆਗੂ ਅਨਮੋਲ ਗਗਨ ਮਾਨ ਸਣੇ ਦਰਜਨਾਂ ਆਗੂਆਂ ਦੇ ਮਾਮੂਲੀ ਸੱਟਾਂ ਲੱਗੀਆਂ। ਪੁਲੀਸ ਨੇ 50 ਦੇ ਕਰੀਬ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਜਿਨ੍ਹਾਂ ਨੂੰ ਕੁਝ ਸਮੇਂ ਬਾਅਦ ਛੱਡ ਦਿੱਤਾ ਗਿਆ। ਅਨਮੋਲ ਗਗਨ ਮਾਨ ਨੇ ਕਿਹਾ ਕਿ ਕੇਂਦਰ ’ਚ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਵਰਕਰ ਗੁੰਡਿਆਂ ਦਾ ਰੂਪ ਧਾਰ ਚੁੱਕੇ ਹਨ। ਭਾਜਪਾ ਦੇ ਇਹ ਗੁੰਡੇ ਪੰਜਾਬ ਸਮੇਤ ਦੇਸ਼ ਭਰ ’ਚ ਔਰਤਾਂ ਨਾਲ ਬਦਸਲੂਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਇਨ੍ਹਾਂ ਗੁੰਡਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੀਆਂ ਹਨ। ਜੇ ਇਸ ਬਦਸਲੂਕੀ ਖ਼ਿਲਾਫ਼ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੁਲੀਸ ਵੱਲੋਂ ਲਾਠੀਚਾਰਜ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨਾਲ ਹੋ ਰਹੀਆਂ ਬਦਸਲੂਕੀਆਂ ਦਾ ਬਦਲਾਂ ਚੋਣਾਂ ਵਿੱਚ ਲਿਆ ਜਾਵੇਗਾ। ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਨੇ ਦੋਸ਼ ਲਾਇਆ ਕਿ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਜ਼ਿੰਮੇਵਾਰ ਪੁਲੀਸ ਗੁੰਡਿਆਂ ਦਾ ਸਾਥ ਦੇ ਰਹੀ ਹੈ ਅਤੇ ਸੂਬਾਈ ਤੇ ਕੇਂਦਰੀ ਮਹਿਲਾ ਕਮਿਸ਼ਨ ਔਰਤਾਂ ਦੇ ਮਾਮਲਿਆਂ ’ਤੇ ਚੁੱਪੀ ਧਾਰੀ ਬੈਠੇ ਹਨ। ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਨੇ ਮੰਗ ਕੀਤੀ ਕਿ ਮਹਿਲਾ ਕਿਸਾਨ ਪ੍ਰਦਰਸ਼ਨਕਾਰੀਆਂ ਨਾਲ ਬਦਸਲੂਕੀ ਕਰਨ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
‘ਆਪ’ ਆਗੂ ਰਾਜਵਿੰਦਰ ਥਿਆੜਾ ਤੇ ਅਨਮੋਲ ਗਗਨ, ਹਸਪਤਾਲਵਿੱਚ ਦਾਖ਼ਲ
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਆਮ ਆਦਮੀ ਪਾਰਟੀ (ਆਪ) ਦੀ ਮਹਿਲਾ ਵਿੰਗ ਵੱਲੋਂ ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਮੌਕੇ ਯੂਟੀ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਵਰਤੀਆਂ ਜਲ ਤੋਪਾਂ ਦੌਰਾਨ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਅਤੇ ਯੂਥ ਵਿੰਗ ਦੀ ਸੂਬਾਈ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਬੇਹੋਸ਼ ਹੋ ਗਏ। ਇਨ੍ਹਾਂ ਨੂੰ ਮੁਹਾਲੀ ਦੇ ਫੇਜ਼-4 ਸਥਿਤ ਚੀਮਾ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਮੁਹਾਲੀ ਦੀ ਸਕੱਤਰ ਪ੍ਰਭਜੋਤ ਕੌਰ ਅਤੇ ਪਾਰਟੀ ਦੇ ਮੀਡੀਆ ਇੰਚਾਰਜ ਜਸਪਾਲ ਸਿੰਘ ਕਾਊਣੀ ਨੂੰ ਵੀ ਸੱਟਾਂ ਲੱਗੀਆਂ ਹਨ। ਅੱਜ ਇੱਥੇ ‘ਆਪ’ ਵਪਾਰ ਵਿੰਗ ਦੇ ਸੂਬਾਈ ਪ੍ਰਧਾਨ ਤੇ ਬੁਲਾਰੇ ਵਿਨੀਤ ਵਰਮਾ ਨੇ ਕਿਹਾ ਕਿ ਭਾਜਪਾ ਦੇ ਸ਼ਾਸਨ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਲੋੜ ਨੂੰ ਪੂਰਾ ਕਰਨ ਵਾਲਾ ਅੰਨਦਾਤਾ ਇਨਸਾਫ਼ ਲਈ ਸੜਕਾਂ ’ਤੇ ਰੁਲ ਰਿਹਾ ਹੈ।