ਜਗਮੋਹਨ ਸਿੰਘ
ਰੂਪਨਗਰ, 10 ਜੁਲਾਈ
ਲਗਾਤਾਰ ਪੈ ਰਹੀ ਬਰਸਾਤ ਨੇ ਲੋਕਾਂ ਦਾ ਜਨਜੀਵਨ ਉਥਲ-ਪੁਥਲ ਕਰ ਦਿੱਤਾ ਹੈ। ਅੱਜ ਦੂਜੇ ਦਿਨ ਰੂਪਨਗਰ-ਚੰਡੀਗੜ੍ਹ ਕੌਮੀ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਰਹੀ। ਬੀਤੇ ਦਿਨ ਸਿੰਘ ਪਿੰਡ ਨੇੜੇ ਹੜ੍ਹ ਕਾਰਨ ਕੌਮੀ ਮਾਰਗ ਦੀ ਇਕ ਲਾਈਨ ਬੰਦ ਰਖਣੀ ਪਈ। ਅੱਜ ਨਿਰੰਕਾਰੀ ਭਵਨ ਨੇੜੇ ਮਾਜਰੀ ਚੋਅ ਟੁੱਟਣ ਨਾਲ ਹੜ੍ਹ ਦਾ ਪਾਣੀ ਕੌਮੀ ਮਾਰਗ ’ਤੇ ਜਮ੍ਹਾਂ ਹੋ ਗਿਆ ਤੇ ਇਸ ਪਾਣੀ ਨੇ ਬਸੰਤ ਨਗਰ ਵਿੱਚ ਭਾਰੀ ਤਬਾਹੀ ਮਚਾ ਦਿੱਤੀ। ਇੱਥੇ ਘਰਾਂ ਵਿੱਚ ਫਸੇ ਲੋਕਾਂ ਨੂੰ ਪ੍ਰਸ਼ਾਸਨ ਨੇ ਐੱਨਡੀਆਰਐੱਫ ਦੀ ਮਦਦ ਨਾਲ ਬਾਹਰ ਕੱਢਿਆ। ਇਥੋਂ ਨੇੜੇ ਹੀ ਸਥਿਤ 132 ਕੇ.ਵੀ. ਵਿੱਚ ਵੀ ਕਈ ਫੁੱਟ ਹੜ੍ਹ ਦਾ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਕਈ 66 ਕੇ.ਵੀ. ਸਬ-ਸਟੇਸ਼ਨ ਵੀ ਬੰਦ ਹੋ ਗਏ। ਇਸ ਕਾਰਨ ਵੱਡੇ ਇਲਾਕੇ ਵਿੱਚ ਬਲੈਕ ਆਊਟ ਵਾਲੀ ਸਥਿਤੀ ਪੈਦਾ ਹੋ ਗਈ। ਪਾਵਰਕੌਮ ਮੁਲਾਜ਼ਮਾਂ ਵੱਲੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਣੀ ਕੱਢਣ ਵਿੱਚ ਮੁਸ਼ਕਿਲ ਹੋ ਰਹੀ ਹੈ। ਪਾਵਰਕੌਮ ਅਧਿਕਾਰੀਆਂ ਅਨੁਸਾਰ ਅਗਲੇ ਦੋ ਦਿਨਾਂ ਤਕ ਬਿਜਲੀ ਸਪਲਾਈ ਸੁਚਾਰੂ ਹੋਣ ਦੀ ਉਮੀਦ ਨਹੀਂ ਹੈ। ਰੂਪਨਗਰ ਜ਼ਿਲ੍ਹੇ ਅੰਦਰ ਵਰਖਾ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸ਼ਨਿਚਰਵਾਰ ਰਾਤ ਤੋਂ ਲੈ ਕੇ ਸੋਮਵਾਰ ਸਵੇਰ ਤੱਕ 525 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜਦੋਂ ਕਿ ਐਤਵਾਰ ਦੀ ਦਰਮਿਆਨੀ ਰਾਤ ਤੋਂ ਲੈ ਕੇ ਸਵੇਰ ਤਕ 188 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਤੀਜੇ ਦਿਨ ਵੀ ਪਾਣੀ ਵਿੱਚ ਡੁੱਬਿਆ ਰਿਹਾ ਪਿੰਡ ਸਿੰਘ
ਲਗਾਤਾਰ ਪੈ ਰਹੀ ਬਰਸਾਤ ਕਰਨ ਕੌਮੀ ਮਾਰਗ ਦੇ ਕਨਿਾਰੇ ਸਥਿਤ ਪਿੰਡ ਸਿੰਘ ਦੇ ਲਗਪਗ 100 ਘਰ ਅੱਜ ਤੀਜੇ ਦਿਨ ਵੀ ਮੀਂਹ ਦੇ ਪਾਣੀ ਵਿੱਚ ਡੁੱਬੇ ਰਹੇ। ਕੌਮੀ ਮਾਰਗ ਦੇ ਹੇਠਾਂ ਸਥਿਤ ਪੁਲੀਆਂ ਦੀ ਪਾਣੀ ਖਿੱਚਣ ਦੀ ਰਫਤਾਰ ਬਹੁਤ ਜ਼ਿਆਦਾ ਧੀਮੀ ਹੋਣ ਕਾਰਨ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਕੌਮੀ ਮਾਰਗ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ।ਸਰਪੰਚ ਮੇਹਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਕੌਮੀ ਮਾਰਗ ਅਥਾਰਟੀ ਨੇ ਸੜਕ ਦਾ ਨਿਰਮਾਣ ਕਰਨ ਸਮੇਂ ਪੁਲੀਆਂ ਸਹੀ ਨਹੀਂ ਬਣਾਈਆਂ , ਜਿਸ ਕਾਰਨ ਭੂਪਨਗਰ, ਅਕਾਲਗੜ੍ਹ, ਕਾਕਰੋ ਆਦਿ ਪਿੰਡਾਂ ਵੱਲ ਤੋਂ ਆਉਂਦਾ ਬਰਸਾਤੀ ਪਾਣੀ ਇਹ ਪਲੀਆਂ ਝੱਲਣ ਦੇ ਸਮਰੱਥ ਨਾ ਹੋਣ ਕਰਕੇ ਉਨ੍ਹਾਂ ਦੇ ਪਿੰਡ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾ ਮੰਗ ਕੀਤੀ ਕਿ ਕੌਮੀ ਮਾਰਗ ਤੋੜ ਕੇ ਪਾਣੀ ਦੀ ਨਿਕਾਸੀ ਕੀਤੀ ਜਾਵੇ। ਮੌਕੇ ’ਤੇ ਪੁੱਜੇ ਐੱਸਡੀਐੱਮ ਹਰਬੰਸ ਸਿੰਘ ਨੇ ਭਰੋਸਾ ਦਿੱਤਾ ਕਿ ਕੌਮੀ ਮਾਰਗ ਦੇ ਡਿਵਿਡਰ ਤੋੜ ਕੇ ਪਾਣੀ ਦੀ ਨਿਕਾਸੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾ ਦੇ ਭਰੋਸੇ ਮਗਰੋਂ ਲੋਕਾਂ ਨੇ ਜਾਮ ਖੋਲ੍ਹ ਦਿੱਤਾ।