ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਜੁਲਾਈ
ਇਥੇ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਬਾਲਦ ਕੈਂਚੀਆਂ ਵਿਖੇ ਬਰਸਾਤ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜਬਰ ਜੁਲਮ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਧਰਮਪਾਲ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ ਭੜੋ, ਜਸਵਿੰਦਰ ਸਿੰਘ ਚੋਪੜਾ ,ਭਰਭੂਰ ਸਿੰਘ ਭੋਲਾ ਸਰਪੰਚ ਅਤੇ ਤੇਜਾ ਸਿੰਘ ਨੇ ਕਿਹਾ ਕਿ ਬਰਸਾਤਾਂ ਸ਼ੁਰੂ ਹੁੰਦਿਆਂ ਹੀ ਇੱਥੇ ਗੋਡੇ ਗੋਡੇ ਪਾਣੀ ਖੜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਬਣਾਉਣ ਸਮੇਂ ਮਾਝੀ ਵਿਖੇ ਟੌਲ ਪਲਾਜ਼ਾ ਸਥਾਪਤ ਕੀਤਾ ਗਿਆ ਸੀ, ਜੋ ਕਈ ਸਾਲਾਂ ਤੋਂ ਲੋਕਾਂ ਤੋਂ ਪੈਸੇ ਵਸੂਲ ਰਿਹਾ ਹੈ। ਸਰਕਾਰ ਵੱਲੋਂ ਇਸ ਸੜਕ ਦੀ ਮੁਰੰਮਤ ਜਾਂ ਕੋਈ ਹੋਰ ਸਮੱਸਿਆ ਨੂੰ ਹੱਲ ਕਰਨ ਸਬੰਧੀ ਇਸ ਟੋਲ ਪਲਾਜ਼ਾ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਹੁਣ ਲੋਕਾਂ ਦੀ ਇਸ ਮੁਸ਼ਕਲ ਨੂੰ ਹੱਲ ਕਰਵਾਉਣ ਲਈ ਪ੍ਰਸਾਸ਼ਨ ਅਤੇ ਟੌਲ ਪਲਾਜ਼ਾ ਵਾਲੇ ਕੋਈ ਕਦਮ ਨਹੀਂ ਚੁੱਕ ਰਹੇ। ਇਸੇ ਦੌਰਾਨ ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੀ ਸਹਿ ਪ੍ਰਧਾਨ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਕੈਚੀਆਂ ਵਿਖੇ ਪਹੁੰਚਕੇ ਦੁਕਾਨਾਂ ਅਤੇ ਮਕਾਨਾਂ ਅੱਗੇ ਖੜੇ ਪਾਣੀ ਨਾਲ ਪੀੜਤ ਲੋਕਾਂ ਦੀ ਸਮੱਸਿਆ ਨੂੰ ਜਾਣਿਆਂ।