ਬਲਵਿੰਦਰ ਰੈਤ
ਨੂਰਪੁਰ ਬੇਦੀ, 14 ਮਾਰਚ
ਪਾਣੀ ਬਚਾਓ ਮੁਹਿੰਮ ਦੇ ਉਲਟ ਨੂਰਪੁਰ ਬੇਦੀ ਸ਼ਹਿਰ ਵਿੱਚ ਜਨ ਸਿਹਤ ਤੇ ਸੈਨੀਟੇਸ਼ਨ ਵਿਭਾਗ ਦੀਆਂ ਪਾਣੀ ਸਪਲਾਈ ਵਾਲੀਆਂ ਕਰਨ ਵਾਲੀਆਂ ਪਾਈਪਾਂ ਕਈ ਥਾਂ ਤੋਂ ਲੀਕ ਹੋ ਰਹੀਆਂ ਹਨ। ਵਿਭਾਗੀ ਅਧਿਕਾਰੀਆਂ ਦੇ ਮਾਮਲਾ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ। ਲੀਕੇਜ਼ ਕਾਰਨ ਨੂਰਪੁਰ ਬੇਦੀ ਦੇ ਕਈ ਘਰਾਂ ਨੂੰ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ।
ਮਨੋਜ ਕੁਮਾਰ, ਨਰਿੰਦਰ ਕੁਮਾਰ, ਕ੍ਰਿਸ਼ਨ ਕੁਮਾਰ, ਦਵਿੰਦਰ ਸਿੰਘ, ਡਾ. ਮੋਹਨ ਲਾਲ, ਸ਼ਿਵ ਕੁਮਾਰ ਆਦਿ ਨੇ ਪਾਈਪਾਂ ਦੀ ਸਪਲਾਈ ਦਰੁਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਲੀਕੇਜ਼ ਕਾਰਨ ਇੰਟਰਲਾਕ ਟਾਈਲ ਵਾਲੀਆਂ ਸੜਕਾਂ ਖ਼ਰਾਬ ਹੋ ਰਹੀਆਂ। ਜਦੋਂ ਇਸ ਸਬੰਧੀ ਵਿਭਾਗ ਦੇ ਜੇਈ ਲੋਕੇਸ਼ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਣੀ ਲੀਕੇਜ਼ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਕਾਰਵਾਈ ਵਿਭਾਗ ਦੇ ਕੋਆਰਡੀਨੇਟਰ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ। ਜਿੱਥੇ ਪਾਣੀ ਲੀਕ ਹੋ ਰਿਹਾ ਹੈ, ਉਸ ਨੂੰ ਜਲਦ ਠੀਕ ਕੀਤਾ ਜਾਵੇਗਾ।