ਚਰਨਜੀਤ ਭੁੱਲਰ
ਚੰਡੀਗੜ੍ਹ, 21 ਜੁਲਾਈ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖ਼ਿਲਾਫ਼ ਬਣਾਏ ਜਾ ਰਹੇ ਝੂਠੇ ਕੇਸ ਅਤੇ ਦਿੱਲੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਦੀ ਪੁੱਛਗਿੱਛ ਖ਼ਿਲਾਫ਼ ਅੱਜ ਪੰਜਾਬ ਕਾਂਗਰਸ ਨੇ ਪ੍ਰਦਰਸ਼ਨ ਕੀਤਾ। ਅੱਜ ਇੱਥੇ ਕਾਂਗਰਸੀ ਆਗੂ ਅਤੇ ਵਰਕਰ ਜਦੋਂ ਰਾਜ ਭਵਨ ਵੱਲ ਮਾਰਚ ਕਰਨ ਲਈ ਵਧੇ ਤਾਂ ਅੱਗਿਓਂ ਚੰਡੀਗੜ੍ਹ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਰਾਹ ਰੋਕ ਲਏ। ਇਸ ਮੌਕੇ ਪੁਲੀਸ ਨਾਲ ਕਾਫ਼ੀ ਜੱਦੋ-ਜਹਿਦ ਵੀ ਹੋਈ ਪ੍ਰੰਤੂ ਆਗੂ ਰਾਜ ਭਵਨ ਵੱਲ ਮਾਰਚ ਨਾ ਕਰ ਸਕੇ। ਪੁਲੀਸ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਅੱਜ ਵਰ੍ਹੇ ਮੀਂਹ ਦੇ ਬਾਵਜੂਦ ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਇੱਥੇ ਕਾਂਗਰਸ ਭਵਨ ਵਿੱਚ ਅੱਜ ਸੂਬੇ ਭਰ ’ਚੋਂ ਕਾਂਗਰਸੀ ਵਰਕਰ ਪੁੱਜੇ ਹੋਏ ਸਨ ਜਿਨ੍ਹਾਂ ਵੱਲੋਂ ਰੋਸ ਮਾਰਚ ਕੀਤਾ ਜਾਣਾ ਸੀ। ਅੱਜ ਪਹਿਲਾਂ ਕਾਂਗਰਸੀ ਵਰਕਰਾਂ ਨੇ ਧਰਨਾ ਦਿੱਤਾ ਤੇ ਧਰਨੇ ਦੀ ਅਗਵਾਈ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਇਹ ਲੜਾਈ ਇਕੱਲੀ ਸੋਨੀਆ ਗਾਂਧੀ ਦੀ ਨਹੀਂ ਬਲਕਿ ਮੁਲਕ ਦੇ ਹਰ ਨਾਗਰਿਕ ਦੀ ਹੈ, ਜੋ ਆਜ਼ਾਦੀ ਅਤੇ ਲੋਕ ਰਾਜ ਦੀ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲਾਲ ਡਾਇਰੀਆਂ ਰੱਖ ਕੇ ਲੋਕਾਂ ਨੂੰ ਧਮਕਾਉਣ ਵਿੱਚ ਯਕੀਨ ਨਹੀਂ ਰੱਖਦੀ ਹੈ ਬਲਕਿ ਕਾਂਗਰਸੀ ਵਰਕਰ ਆਪਣੀ ਰੱਖਿਆ ਆਪ ਕਰਨੀ ਜਾਣਦੇ ਹਨ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਸੋਨੀਆ ਗਾਂਧੀ ਨਾਲ ਇਸ ਤਰ੍ਹਾਂ ਦਾ ਵਤੀਰਾ ਰੱਖ ਰਹੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ? ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ‘ਆਪ’ ਖ਼ੁਦ ਸਭ ਤੋਂ ਵੱਧ ਭ੍ਰਿਸ਼ਟ ਹੈ, ਜਿਸ ਨੇ ਰਾਜ ਸਭਾ ਦੀਆਂ ਟਿਕਟਾਂ ਵੇਚੀਆਂ ਹਨ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਇੰਚਾਰਜ ਅਜੈ ਚਿਕਾਰਾ ਦੀ ਅਗਵਾਈ ਹੇਠ ਦੋ ਜ਼ਿਲ੍ਹਾ ਪ੍ਰਧਾਨਾਂ ਯੂਥ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਨੇ ਅੱਜ ਜਲੰਧਰ ਵਿੱਚ ਈਡੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ।
ਵਿਦੇਸ਼ਾਂ ’ਚ ਆਨੰਦ ਮਾਣਨ ਵਾਲੇ ਨਿਸ਼ਾਨੇ ’ਤੇ ਆਏ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਉਨ੍ਹਾਂ ਕਾਂਗਰਸੀ ਆਗੂਆਂ ’ਤੇ ਵੀ ਨਿਸ਼ਾਨੇ ਸਾਧੇ, ਜਿਹੜੇ ਕਾਂਗਰਸੀ ਵਰਕਰਾਂ ਨੂੰ ਆਪਣੇ ਹਾਲ ’ਤੇ ਛੱਡ ਕੇ ਵਿਦੇਸ਼ਾਂ ਵਿੱਚ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਕਾਂਗਰਸੀ ਵਰਕਰਾਂ ਨੂੰ ਆਪਣੇ ਬਲਬੂਤੇ ’ਤੇ ਲੜਨ ਲਈ ਛੱਡ ਕੇ ਖ਼ੁਦ ਵਿਦੇਸ਼ਾਂ ਵਿੱਚ ਆਨੰਦ ਮਾਣ ਰਹੇ ਹਨ। ਚੇਤੇ ਰਹੇ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਡਾ. ਰਾਜ ਕੁਮਾਰ ਚੱਬੇਵਾਲ ਅਤੇ ਕਾਂਗਰਸੀ ਵਿਧਾਇਕ ਹਰਿੰਦਰ ਸਿੰਘ ਲਾਡੀ ਆਦਿ ਵੀ ਇਸ ਵੇਲੇ ਵਿਦੇਸ਼ ਵਿੱੱਚ ਹਨ।