ਚਰਨਜੀਤ ਭੁੱਲਰ
ਚੰਡੀਗੜ੍ਹ, 1 ਨਵੰਬਰ
‘ਭੌਂਕਿਆ ਦਾ ਲਾਣਾ’, ਨਹੀਓਂ ਮੰਨਦਾ ਭਾਣਾ। ਲਾਣੇ ਦੀ ਵੱਡੀ ਮਾਈ, ਜਿਨ੍ਹੇ ਕਾਨੇ ’ਚ ਟਿੰਢ ਪਾਈ। ਪਵਿੱਤਰ ਮੁਖਾਰਬਿੰਦ ’ਚੋਂ ਇੰਝ ਫੁਰਮਾਈ, ‘ਟਰੰਪ ਬੰਦਿਆ! ਤੇਰਾ ਕੱਖ ਨਾ ਰਹੇ। ਉੱਧਰੋਂ, ਟਰੰਪ ਦੀ ਕੁੜੀ ਆਈ, ਤਾਈ ਹੋਇਆ ਕੀ ? ਅੱਗਿਓਂ ਤਾਈ ਤੋਂ ਸੁਣ ਲਓ, ‘ਕੁੜੀਏ! ਆਪਣੇ ਪਿਉ ਨੂੰ ਸਮਝਾ ਲੈ, ਕਰਦੈ ਸਾਡੀਆਂ ਰੀਸਾਂ।’
‘ਭੌਂਕਿਆਂ ਦੇ ਲਾਣੇ’ ਤੋਂ ਕੋਈ ਵੱਧ ਬੁੜਬੁੜ ਕਰੇ। ਮਾਈ ਤੋਂ ਝੱਲ ਨਹੀਂ ਹੁੰਦਾ। ਉਂਝ ਟਰੰਪ ਦਾ ਮੜੰਗਾ ਲਾਣੇ ’ਤੇ ਹੀ ਪੈਂਦੈ। ਨਰਿੰਦਰ ਮੋਦੀ ‘ਪੱਗ ਵੱਟ’ ਨਹੀਂ, ਟਰੰਪ ਦੇ ‘ਮੂੰਹ ਫੱਟ’ ਭਰਾ ਨੇ। ਰਾਸ਼ੀ ਨਾ ਵੀ ਮਿਲੇ, ਟਰੰਪ ਹੱਸ ਕੇ ਮਿਲਦੈ। ਦੋਵੇਂ ਯਾਰ ਜਦੋਂ ਮਿਲ ਬੈਠੇ, ਫਿਰ ਖ਼ੂਬ ਜੰਮੇ ਰੰਗ। ਅਮਰੀਕਾ ’ਚ ਵੀ, ਨਾਲੇ ਗੁਜਰਾਤ ’ਚ। ਕਿਵੇਂ ਧੰਨ-ਧੰਨ ਹੋਈ ਸੀ। ਗਾਣੇ ਗੂੰਜ ਉੱਠੇ, ‘ਹਮ ਬਨੇ, ਤੁਮ ਬਨੇ…।
ਭਾਜਪਾਈ ਭੌਂਪੂ ਵੱਜਿਐ। ਚਾਰੇ ਪਾਸੇ ਨਰਿੰਦਰ ਭਾਈ ਦੀ ਹਵਾ ਹੈ। ਝੱਲਦਾ ਟਰੰਪ ਵੀ ਨਹੀਂ, ਗੱਜ-ਵੱਜ ਕੇ ਬੋਲਿਆ, ‘ਭਾਰਤ ਤਾਂ ਸਿਰੇ ਦਾ ਗੰਦਾ।’ ਮੁਲਕ ਦੀ ਆਬੋ ਹਵਾ ’ਤੇ ਚੁਟਕੀ ਲੈ ਗਿਆ। ਬੇਮੌਕਾ ਗਾਣਾ ਵੱਜਿਐ, ‘ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ।’ ਮੇਲਾਨੀਆ ਟਰੰਪ ਨੇ ਝਾੜਤਾ, ‘ਬੋਲਣ ਲੱਗੇ ਅੱਗਾ ਪਿੱਛਾ ਦੇਖ ਲਿਆ ਕਰੋ। ਮੀਆਂ ਜੀ! ਮੋਦੀ ਥੋਡੇ ਤੋਂ ਛੋਟੇ ਨੇ।’
‘ਵਾਸ਼ਿੰਗਟਨ ਪੋਸਟ’ ਵਾਲੇ ਟਲਦੇ ਨਹੀਂ। ਆਖਦੇ ਨੇ, ਟਰੰਪ ਤਾਂ ਨਿਰਾ ‘ਗਪੌੜ ਸੰਖ’ ਹੈ। ਵੀਹ ਹਜ਼ਾਰ ਝੂਠ ਮਾਰ ਗਿਐ। ਉਂਝ ਸ਼ਕਲੋਂ ਤਾਂ ਟਰੰਪ ਮਾਂ ਦਾ ਲੱਡੂ ਪੁੱਤ ਲੱਗਦੈ। ਤਾਹੀਂ ਸੱਚ ਬੋਲਿਐ, ‘ਭਾਰਤ ਗੰਦਾ ਹੈ।’ ਬਰਾਕ ਉਬਾਮੇ ਨੇ ਪੱਲਾ ਬੋਚਿਐ। ‘ਨਾ ਕਰਿਓ ਗੁੱਸਾ, ਸਾਡੇ ਆਲਾ ਤਾਂ ਭੌਂਪੂ ਐ।’ ਮਜਾਲ ਐ ਮੂੰਹ ਬੰਦ ਰੱਖ ਲਏ। ਦੱਸੋ ਜੀ! ਅਸੀਂ ਕਿਸੇ ਨੂੰਹ-ਧੀ ਨਾਲੋਂ ਘੱਟ ਹਾਂ।
ਸਾਡੇ ਤਾਂ ਹਰ ਇੱਟ ’ਤੇ ਭੌਂਪੂ ਬੈਠੈ। ਕੋਈ ਸ਼ੱਕ ਹੋਵੇ, ਬਿਹਾਰ ਚੋਣਾਂ ’ਚ ਗੇੜਾ ਮਾਰਿਓ। ਭਾਵੇਂ ਅਗਲੇ ਵਰ੍ਹੇ ਬੰਗਾਲ ਚੋਣਾਂ ਦੇ ਰੰਗ ਦੇਖਣਾ। ਪੰਜਾਬੀ ਭੌਂਪੂ ਵੀ ਘੱਟ ਨਹੀਂ, 2022 ’ਚ ਘੁਲਣਗੇ ਮੱਲ। ‘ਕੌੜੇ ਬੋਲ, ਗਾਲ੍ਹਾਂ ਦੀ ਬੁਛਾੜ, ਅੱਗ ਦੀ ਨਾਲ।’ ਚੋਣਾਂ ਮੌਕੇ ਦਮ ਘੁੱਟਦੈ, ਦੁਰਗੰਧ ਫੈਲਦੀ ਹੈ। ਟਰੰਪ ਫੇਰ ਬੁੜਕਿਐ, ਅਖੇ ਭਾਰਤ ਗੰਦਾ ਹੈ। ਦਾਤਣਾਂ ਨੂੰ ਛੱਡੋ, ਨੇਤਾ ਮਹਿੰਗੇ ਟੁੱਥ ਪੇਸਟ ਵਰਤਦੇ ਨੇ। ਮੂੰਹੋਂ ਨਫ਼ਰਤੀ ਬੋਅ ਆਉਣੀ ਫੇਰ ਵੀ ਨਹੀਂ ਹਟਦੀ।
ਚੋਣਾਂ ਮੌਕੇ ਨੇਤਾ ਬਾਹਰ, ਫਨੀਅਰ ਖੁੱਡਾਂ ’ਚ ਵੜ ਜਾਂਦੇ ਨੇ। ‘ਡਾਢੇ ਅੱਗੇ ਕਾਹਦਾ ਜ਼ੋਰ।’ ਆਖਦੇ ਨੇ, ‘ਪਰਾਲੀ ਦੇ ਧੂੰਏਂ ਨੇ ਹਵਾ ਭਿੱਟੀ ਐ। ਬੁਰਜਾਂ ਵਾਲਾ ਬੂਟਾ ਆਖਦੈ, ‘ਸਾਥੀਓ ਸਭ ਗੱਲਾਂ ਝੂਠ। ਖੇਤ ਆਕਸੀਜਨ ਦਿੰਦੇ ਨੇ, ਉਹ ਵੀ ਕਰੋ ਚੇਤੇ। ਅਮਰੀਕੀ ਸੰਤ ਆਖਦੇ ਨੇ, ‘ਮਾੜਾ ਮਾਲੀ ਆਪਣੇ ਖੁਰਪੇ ਨਾਲ ਲੜੀ ਜਾਂਦੈ।’
ਵੱਡਾ ਘਾਟਾ ਪਿਐ। ਮੁਹੰਮਦ ਸਦੀਕ ਦੀ ਬਾਂਹ ਕਾਹਦੀ ਟੁੱਟੀ। ਤੁਸੀਂ ਖੇਤੀ ਕਾਨੂੰਨ ਹੀ ਬਣਾ ਧਰੇ। ਮੁਲਕ ਦੇ ਬਗੀਚੇ ’ਚ ਲੱਗੀ ਜ਼ਹਿਰੀ ਬੂਟੀ, ਰੱਬ ਨਾਲ ਜਾ ਲੱਗੀ, ਮੁਲਕ ਨੂੰ ਕਾਂਬਾ ਛਿੜਿਐ। ਦਸੌਂਧਾ ਸਿਓਂ ਦਾ ਹੁਣ ਮਨ ਖੱਟਾ ਹੋਇਐੈ। ਪੰਥ ’ਤੇ ਜਦੋਂ ਭੀੜ ਪਈ, ਪਹਿਲਾਂ ਹਾਜ਼ਰ ਹੋਇਐ। ਹੁਣ ਆਖਦੈ, ‘ਸਭ ਭੌਂਪੂ ਨਿਕਲੇ। ਧੀਆਂ-ਭੈਣਾਂ ਵਾਲਾ ਦੇਸ਼ ਐ। ਭੌਂਪੂਆਂ ਨੂੰ ਸਲੀਕਾ ਕੌਣ ਸਿਖਾਊ।’
ਨਿੰਦਰ ਘੁਗਿਆਣਵੀ ਨੇ ਆਪਣੀ ਹੀਰ ਛੇੜ ਲਈ। ਲੁਧਿਆਣੇ ਵਾਲਾ ਜਗਦੇਵ ਜੱਸੋਵਾਲ ਘਰ ’ਚ ਜਦੋਂ ਭੌਂਪੂ ਵਜਾਉਂਦਾ, ਨੌਕਰ ਝੱਟ ਹਾਜ਼ਰ ਹੁੰਦੈ। ਕੇਰਾਂ ਨਿੰਦਰ ਨੇ ਬਾਪੂ ਨੂੰ ਛੇੜਿਆ, ‘ਆਹ ਭੌਂਪੂ ਤਾਂ ਕਬਾੜੀਆਂ ਦੇ ਸਾਈਕਲ ’ਤੇ ਹੁੰਦੈ। ਜੱਸੋਵਾਲ ਅੱਗਿਓਂ ਬੋਲੇ, ‘ਮੈਂ ਸੱਭਿਆਚਾਰ ਦਾ ਕਬਾੜੀਆਂ।’ ਵਾਪਸ ਮੁੜਦੇ ਹਾਂ, ਅੱਗੇ ਦੀਵਾਲ਼ੀ ਹੈ। ਕਬਾੜੀਏ ਆਉਂਦੇ ਨੇ, ਭੌਂਪੂ ਵਜਾਉਂਦੇ ਨੇ, ਕਬਾੜ ਬਿਲੇ ਲਾਉਂਦੇ ਨੇ। ਨਫ਼ਰਤਾਂ ਦੇ ਢੇਰ ਕੌਣ ਚੱਕੂ?
ਬਿਹਾਰੀ ਭੌਂਪੂ ਵੀ ਗੱਜੇ ਨੇ। ਚੌਕਸ ਪੁਰਤਗਾਲੀ ਕਰਦੇ ਨੇ, ‘ਚੰਗੇ ਫ਼ਲਾਂ ਦੀ ਮਾੜੇ ਰੁੱਖ ਤੋਂ ਆਸ ਨਾ ਕਰੋ।’ ਲਾਲੂ ਦੇ ਘਰ ਆਲੂ ਨਹੀਂ, ਨਵਾਂ ਬੂਟਾ ਉੱਗਿਐ। ਊਰੀ ਵਾਂਗ ਤੇਜਸਵੀ ਯਾਦਵ ਘੁੰਮਿਐ। ਬਿਹਾਰ ’ਚ ਭੌਂਪੂ ਵੱਜੇ ਨੇ, ਅੱਲ੍ਹਾ ਖ਼ੈਰ ਕਰੇ। ਯਾਦ ਕਰੋ ਗਰਾਮੋਫੋਨ ਮਸ਼ੀਨਾਂ ਦਾ ਯੁੱਗ। ਜਿਨ੍ਹਾਂ ਤਵੇ ਦੇਖੇ ਨੇ, ਉਨ੍ਹਾਂ ਨੂੰ ਭੌਂਪੂ ਅੱਗੇ ਬੈਠਾ ਕੁੱਤਾ ਵੀ ਚੇਤੇ ਹੋਊ। ਉਦੋਂ ਭੌਂਪੂ ਦੀ ਆਵਾਜ਼ ਖ਼ਾਮੋਸ਼ ਸੀ, ਕੋਈ ਕੁੱਤਾਪਣ ਨਹੀਂ ਸੀ। ‘ਕੁੱਤਾ ਮਾਅਰਕਾ’ ਕੰਪਨੀ ਐੱਚਐੱਮਵੀ (ਹਿਜ਼ ਮਾਸਟਰ’ਜ਼ ਵੁਆਇਸ) ਮਸ਼ਹੂਰੀ ਖੱਟ ਗਈ। ਅੱਜ ਦੇ ਭੌਂਪੂ, ਹਰ ਕੋਨੇ ਉੱਗੇ ਨੇ। ਚੰਬਲ ਦੇ ਡਾਕੂ ਵੀ ਦਹਿਲੇ ਨੇ। ਨਵੀਂ ਪ੍ਰਜਾਤੀ ਦੇਖ, ਭੰਡ ਤੇ ਮਰਾਸੀ ਦੰਗ ਰਹਿ ਗਏ।
ਹਾਸੇ ਗੁਆਚ ਗਏ, ਧੁੰਦ ਦਾ ਪਹਿਰੈ। ਬਜ਼ੁਰਗ ਆਖ ਗਏ, ‘ਇੱਕ ਸਮਾਂ ਅਜਿਹਾ ਆਏਗਾ ਜਦੋਂ ਮਨੁੱਖ ਹੱਸਣਾ ਵੀ ਭੁੱਲ ਜਾਏਗਾ।’ ਅਕਲ ਦੇ ਮੋਤੀ ਗੁਆਚ ਗਏ, ਇਤਬਾਰੀ ਬੰਦੇ ਕਿੱਥੋਂ ਲੱਭੀਏ। ਭੌਂਪੂ ਤਾਂ ਗਲੀ ਮੁਹੱਲੇ ਨੇ। ਕੋਈ ਕਾਂਗਰਸ ਦਾ ਹੈ, ਕੋਈ ਅਕਾਲੀਆਂ ਦਾ। ਕੇਜਰੀਵਾਲ ਨੇ ਮੋਦੀ ਨਾਲ ਨਵਾਂ ਯਾਰਾਨਾ ਲਾਇਐ। ਇੱਧਰ ਘਾਹੀਆਂ ਨੇ ਤਾਂ ਘਾਹ ਹੀ ਖੋਤਣੈ।
ਮੰਡੀ ਕਲਾਂ ਵਾਲੇ ਮਰਹੂਮ ਭਾਈ ਵੀਰ ਸਿੰਘ ਨਿਰਵੈਰ। ਮੇਰੇ ਪਿੰਡ ਆਲੇ ‘ਭਾਈ ਜੀ’ ਆਖ ਬੁਲਾਉਂਦੇ। ਭਲੇਮਾਣਸ ਨੇ ਕੋਈ ਮੋਰਚਾ ਨਹੀਂ ਛੱਡਿਆ। ਅਕਸਰ ਸਾਨੂੰ ਦੱਸਦੇ, ਬਿੱਲਿਆ! ਅਸੀਂ ਤਾਂ ਜੈਕਾਰਿਆ ਜੋਗੇ ਰਹਿ ਗਏ। ਭਰਿਆ ਮੇਲਾ ਕੋਈ ਹੋਰ ਲੁੱਟ ਗਿਆ, ਦੱਸੋ ਕਿੱਥੇ ਰਪਟ ਲਿਖਾਈਏ। ਪੰਜਾਬ ਬੱਤੀ ਦੰਦਾਂ ’ਚ ਜੀਭ ਲਈ ਬੈਠਾ।’
ਪਟਿਆਲੇ ਵਾਲੇ ਰਾਜੇ ਦੇ ਆਪਣੇ ਭੌਂਪੂ ਨੇ। ਅਕਾਲੀ ਜਥੇਦਾਰਾਂ ਦੇ ਆਪਣੇ। ਕਈ ਨਵੇਂ ਮੁੰਡੇ ‘ਆਪ’ ਦੇ ਭੌਂਪੂ ਬਣੇ ਨੇ। ਕੇਂਦਰੀ ਗੱਦੀ ਨੂੰ ਭੌਂਪੂ ਦਾਜ ’ਚ ਮਿਲੇ ਨੇ। ਲਾਮ ਲਸ਼ਕਰ ਕਾਫੀ ਵੱਡੈ। ਯੁੱਗ-ਯੁੱਗ ਜੀਣ ਟੀ.ਵੀ ਐਂਕਰ। ਫੇਰ ਮੋਢਾ ਕੋਵਿਡ ਦਾ, ਬੰਦੂਕ ਕੇਂਦਰ ਦੀ। ਲੋਕਾਂ ਦੇ ਦਿਲ ਪਤਲੇ ਪਾ ਦਿੱਤੇ। ਕਦੇ ਖੇਤੀ ਕਾਨੂੰਨ ਤੇ ਕਦੇ ਪ੍ਰਦੂਸ਼ਣ ਰੋਕੂ ਆਰਡੀਨੈਂਸ।
ਪੰਜਾਬੀ ਕਿਸਾਨ ਪੋਲੇ ਨਹੀਂ ਪੈਂਦੇ। ਵਾਜੇ ਵਜਾਉਣੇ ਵੀ ਜਾਣਦੇ ਨੇ। ਫ਼ਲਸਤੀਨ ’ਚੋਂ ਆਵਾਜ਼ ਆਈ, ‘ਜ਼ਾਲਮ ਦਾ ਅੰਤ ਕੁਚਲੇ ਹੋਏ ਲਸਣ ਵਰਗਾ ਹੁੰਦੈ’। ਖ਼ਬਰ ਸੰਗਰੂਰੋਂ ਵੀ ਆਈ ਐ। ਆਈ ਅਡਾਨੀ ਦੀ ਗੱਡੀ ਵੀ। ਅੰਮ੍ਰਿਤਪਾਲ ਅੱਗੇ ਕੰਧ ਬਣ ਖੜ੍ਹਿਆ। ‘ਸਵਾ ਲਾਖ ਕੇ ਏਕ ਲੜਾਊਂ’ ਦਾ ਸੱਚਾ ਵਾਰਸ। ’ਕੱਲੇ ਜਵਾਨ ਨੇ ਗੱਡੀ ਰੋਕਤੀ। ਕਿਸਾਨ ਘੋਲ ਤੰਦੂਰ ਬਣਿਐ। ਕੇਂਦਰ ਡੌਲਿਆਂ ਨੂੰ ਪਰਖ ਰਿਹੈ।
ਮਹਾਰਾਜਾ ਰਣਜੀਤ ਸਿੰਘ ਕੇਰਾਂ ਕਿਸੇ ਪਿੰਡ ’ਚੋਂ ਲੰਘੇ। ਲਾਲੇ ਦੀ ਹੱਟੀ ’ਤੇ ਮੁੰਡਾ ਬੈਠਾ ਦੇਖਿਆ, ਡੀਲ ਡੋਲ ਦੇਖ ਮਹਾਰਾਜਾ ਰੁਕੇ। ਮੁੰਡੇ ਨੇ ਹੱਥ ਜੋੜੇ, ‘ਮਾਈ ਬਾਪ! ਡੌਲਿਆਂ ’ਚ ਦਮ ਕਿੱਥੇ, ਜਰਨੈਲ ਕਿਤੋਂ ਹੋਰ ਲੱਭੋ। ਮਹਾਰਾਜੇ ਦੀ ਮੌਤ ਹੋ ਗਈ। ਪਿੱਛੋਂ ਲਾਲਿਆਂ ਦੇ ਇਸੇ ਮੁੰਡੇ ਨੇ ਅੰਗਰੇਜ਼ਾਂ ਨੂੰ ਧੂੜ ਚਟਾਈ।
ਪੰਜਾਬ ਦਿਵਸ ਵੀ ਲੰਘ ਗਿਆ। ਮਾਂ ਬੋਲੀ ਨੂੰ ਸਿਜਦਾ ਕਰਨਾ ਭੁੱਲ ਬੈਠੇ। ਗੱਦੀ ਵਾਲੇ ਤਾਂ ਅੰਗਰੇਜ਼ੀ ਦੇ ਪੁੱਤ ਨੇ। ਯਾਦ ਕਰੋ ਉਹ ਵੇਲਾ, ਜਦੋਂ ਅਮਰਿੰਦਰ ਨੇ ਬੰਦੂਕ ਚੁੱਕੀ, ਕੰਦੂਖੇੜੇ ਜਾ ਕੇ ਦਮ ਲਿਆ। ਪੰਜਾਬੀ ਬੋਲਦੇ ਇਲਾਕੇ ਬਚਾਉਣੇ ਸੀ। ਵਕਤ ਨੇ ਮੋੜਾ ਲਿਆ, ਫੇਰ ਖੂੰਡਾ ਲੈ ਕੇ ਨਿਕਲੇ। ਹੁਣ ਕੀਹਨੂੰ ਉਲਾਂਭਾ ਦੇਈਏ, ਪੰਜਾਬ ਦੇ ਕੰਮੋਂ ਵੀ ਗਏ।
ਤਾਹੀਓਂ ਭੌਂਪੂ ਅਵਾਜ਼ਾਂ ਕੱਢ ਰਹੇ ਨੇ। ਇੱਕ ਦਾ ਭੌਂਪੂ ਬੋਲਿਆ, ‘ਇੱਕੋ ਨਾਅਰਾ, ਕਿਸਾਨ ਪਿਆਰਾ।’ ਦੂਜੇ ਦਾ ਭੌਂਪੂ ਗੱਜਿਆ, ‘ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ।’ ‘ਆਪ’ ਦੇ ਭੌਂਪੂ ਭੱਪੀ ਲਹਿਰੀ ਕੋਲ ਗਏ ਨੇ, ਅਖੇ ਕਿਹੜਾ ਸੁਰ ਲਾਈਏ।
ਭਲਿਓ, ਵੇਲਾ ਇੱਕੋ ਤਾਲ ਲਾਉਣ ਦਾ ਹੈ। ਪਿਓ ਦਾਦਿਆਂ ਦੀ ਅਣਖ਼ ’ਤੇ ਪਹਿਰਾ ਦਿਓ। ਨਾ ਬਣੋ ਸਿਆਸੀ ਭੌਂਪੂ, ਜ਼ਮੀਨਾਂ ਨਾ ਗੁਆਓ, ਜ਼ਮੀਰਾਂ ਦੇ ਮਾਲਕ ਬਣੋ। ਛੱਜੂ ਰਾਮ ਵੱਲ ਵੇਖੋ, ਕਮਾ ਕੇ ਖਾਣ ਵਾਲਾ ਬੰਦੈ। ਮਜਾਲ ਹੈ ਕਿਸੇ ਦੀ ਈਨ ਮੰਨ ਜਾਏ। ਸਿਆਸੀ ਰੈਲੀਆਂ ’ਚ ਤੁਸੀਂ ਕਾਹਤੋਂ ਬੈਠੋ। ਜਿਨ੍ਹਾਂ ਨੇ ਚੁੱਲ੍ਹੇ ਵੰਡ ਦਿੱਤੇ, ਗਲੀ ਮੁਹੱਲੇ ਵੰਡ ਦਿੱਤੇ, ਘਰ ’ਚ ਕੰਧਾਂ ਕਢਾ ਦਿੱਤੀਆਂ, ਉਨ੍ਹਾਂ ਨੂੰ ਇਹੋ ਦੱਸਣ ਦਾ ਸਮਾਂ ਹੈ ਕਿ ਉਹ ਹੁਣ ਵਰਕਰ ਨਹੀਂ, ਮਾਲਕ ਬਣਨਗੇ, ਖ਼ੁਦ ਆਪਣੀ ਤਕਦੀਰ ਦੇ।
ਸੁਆਲ ਪੰਜਾਬ ਦੀ ਪੱਤ ਦਾ ਐ। ਮਿਲ-ਜੁਲ ਕੇ ਗੁਆਚੇ ਲਾਲ ਲੱਭੋ। ਛੱਡੋ ਜਾਤਾਂ-ਪਾਤਾਂ, ਸਰਬ ਸਾਂਝਾ ਪਹਾ ਬਣਾਓ, ਹੱਥਾਂ ਦੇ ਵਿਚ ਹੱਥ ਪਾ ਕੇ, ਲਿਖ ਲਓ ਨਵੀਂ ਸਵੇਰ ਦੇ ਗੀਤ। ਜਦੋਂ ਜਾਗੋ, ਉਦੋਂ ਸਵੇਰਾ। ਕਿਤੇ ਮੁੜ ਸੌਂ ਗਏ, ਥੋਡੇ ਹੱਥ ਚਿੱਟਾ ਆਊ, ਫਿਰ ਕੋਈ ਬੱਸ ਚਲਾਊ ਤੇ ਕੋਈ ਜਹਾਜ਼ ਘੁਮਾਊ। ਸਰਬਜੀਤ ਕੌਰ ਜੱਸ ਦੀ ਸਤਰ ਹੈ, ‘ਦੇਸ਼ ਛੋਲਿਆਂ ਦੀ ਲੱਪ ਵਾਂਗੂ ਚੱਬਿਆ, ਵੇ ਹਾਕਮਾਂ ਬਦਾਮੀ ਰੰਗਿਆ।’