ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਕਤੂਬਰ
ਪੰਜਾਬ ਵਿਚ ਬਾਗਬਾਨੀ ਦੇ ਖੇਤਰ ’ਚ ਸੁਧਾਰ ਲਿਆਉਣ ਲਈ ਇਜ਼ਰਾਈਲ ਦੀ ਨਵੀਂ ਤਕਨੀਕ ਅਪਣਾਈ ਜਾਵੇਗੀ ਤਾਂ ਜੋ ਪਾਣੀ ਦੀ ਘੱਟ ਵਰਤੋਂ ਕਰ ਕੇ ਵੀ ਫ਼ਸਲਾਂ ਤੇ ਸਬਜ਼ੀਆਂ ਦਾ ਭਰਪੂਰ ਝਾੜ ਲਿਆ ਜਾ ਸਕੇ। ਪੰਜਾਬ ਦੇ ਬਾਗਬਾਨੀ ਅਤੇ ਭੂਮੀ ਤੇ ਪਾਣੀ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਇਜ਼ਰਾਈਲ ਦੇ ਬਾਗਬਾਨੀ ਮਾਹਿਰਾਂ ਨਾਲ ਵਿਚਾਰ-ਚਰਚਾ ਮਗਰੋਂ ਇਹ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਜ਼ਰਾਈਲ ਵਿੱਚ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰ ਕੇ ਵੱਧ ਤੋਂ ਵੱਧ ਮਿਆਰੀ ਪੈਦਾਵਾਰ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਬਾਗਬਾਨੀ ਦੀਆਂ ਨਵੀਆਂ ਤਕਨੀਕਾਂ ਅਪਣਾਉਣ ਵਿੱਚ ਇਜ਼ਰਾਈਲ ਵਿਸ਼ਵ ਭਰ ਵਿੱਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਜ਼ਰਾਈਲ ਦੀ ਤਕਨੀਕ ਨਾਲ ਚੱਲ ਰਹੇ ਸੈਂਟਰ ਬਾਗਬਾਨੀ ਫ਼ਸਲਾਂ ਦੀ ਮਿਆਰੀ ਪੈਦਾਵਾਰ ’ਚ ਸਹਾਈ ਹੋ ਰਹੇ ਹਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਜ਼ਰਾਇਲੀ ਤਕਨੀਕ ਨਾਲ ਕਰਤਾਰਪੁਰ (ਜਲੰਧਰ) ਵਿੱਚ 2013 ’ਚ ਅਤੇ ਖਨੌੜਾ (ਹੁਸ਼ਿਆਰਪੁਰ) ਵਿੱਚ 2014 ’ਚ ਦੋ ਸੈਂਟਰ ਸਥਾਪਤ ਕੀਤੇ ਗਏ ਸਨ। ਕਰਤਾਰਪੁਰ ਸੈਂਟਰ ਵਿੱਚ ਹੁਣ ਤੱਕ ਲਗਪਗ 1.5 ਲੱਖ ਵੱਖ-ਵੱਖ ਸਬਜ਼ੀਆਂ ਦੀਆਂ ਪਨੀਰੀਆਂ ਤਿਆਰ ਕਰ ਕੇ ਲਗਪਗ 7000 ਕਿਸਾਨਾਂ ਨੂੰ ਪਹੁੰਚਾਈਆਂ ਗਈਆਂ ਹਨ। ਖਨੌੜਾ ਸੈਂਟਰ ਵਿੱਚ 12 ਮਿੱਠੇ ਸੰਤਰਿਆਂ ਤੇ ਅੱਠ ਨਾਰੰਗੀ ਸੰਤਰਿਆਂ ਦੀਆਂ ਕਿਸਮਾਂ ਨੂੰ ਵੱਖ-ਵੱਖ ਰੂਟ ਸਟਾਕ ’ਤੇ ਲਾ ਕੇ ਤਿਆਰ ਕੀਤਾ ਜਾ ਰਿਹਾ ਹੈ।