ਪੱਤਰ ਪ੍ਰੇਰਕ
ਲਹਿਰਾਗਾਗਾ,16 ਜੂਨ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਾਅਵਾ ਕੀਤਾ ਕਿ ਕਾਂਗਰਸ ਅਤੇ ਅਕਾਲੀ ਸਰਕਾਰ ਵੇਲੇ ਮੰਤਰੀਆਂ ਨੇ ਆਪਣੀਆਂ ਬੱਸਾਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਟਰਾਂਸਪੋਰਟ ਨੂੰ ਹਾਸ਼ੀਏ ’ਤੇ ਲਿਆਂਦਾ ਹੈ। ਇਸ ਕਰ ਕੇ ਉਲਝੀ ਤਾਣੀ ਸੁਲਝਾਉਣ ਲਈ ਸਮਾਂ ਤਾਂ ਲੱਗੇਗਾ ਪਰ ਇਸ ਮਹਿਕਮੇ ਨੂੰ ਮੁਨਾਫੇ ਵਾਲਾ ਮਹਿਕਮਾ ਬਣਾਇਆ ਜਾਵੇਗਾ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਟਰਾਂਸਪੋਰਟ ਮਾਫੀਆ ਦੀਆਂ ਵੱਡੀ ਗਿਣਤੀ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਹੜੀਆਂ ਰਹਿ ਗਈਆਂ ਹਨ ਉਨ੍ਹਾਂ ਨੂੰ ਵੀ ਜਲਦੀ ਬੰਦ ਕੀਤਾ ਜਾਵੇਗਾ। ਉਨ੍ਹਾਂ ਪ੍ਰਾਈਵੇਟ ਬੱਸਾਂ ਦੇ ਮਾਲਕਾਂ, ਚਾਲਕਾਂ ਅਤੇ ਸਕੂਲੀ ਬੱਸਾਂ ਸਬੰਧੀ ਕਿਹਾ ਕਿ ਜਿਨ੍ਹਾਂ ਨੇ ਹਾਲੇ ਟੈਕਸ ਨਹੀਂ ਭਰੇ, ਉਹ ਸਰਕਾਰ ਦੀ ਰਿਆਇਤ ਦਾ ਲਾਹਾ ਲੈਂਦਿਆਂ ਜਲਦੀ ਟੈਕਸ ਭਰਨ। ਉਨ੍ਹਾਂ ਕਿਹਾ ਕਿ ਬੱਸ ਮਾਲਕ ਸਾਰੇ ਕਾਗਜ਼ ਮੁਕੰਮਲ ਕਰਕੇ ਹੀ ਟਰਾਂਸਪੋਰਟ ਚਲਾਉਣ। ਇਸ ਤੋਂ ਬਾਅਦ ਕਿਸੇ ਦੀ ਸਿਫਾਰਸ਼ ਨਹੀਂ ਮੰਨੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਤਾ ਚੱਲਿਆ ਹੈ ਕਿ ਬੱਸਾਂ ਦਾ ਰੂਟ ਕਿਸੇ ਹੋਰ ਪਾਸੇ ਹੈ ਅਤੇ ਉਹ ਬੱਸਾਂ ਹੋਰ ਰੂਟ ’ਤੇ ਚਲਾ ਰਹੇ ਹਨ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ। ਸ੍ਰੀ ਭੁੱਲਰ ਨੇ ਕਿਹਾ ਕਿ ਡਰਾਈਵਰਾਂ ਅਤੇ ਕੰਡਕਟਰਾਂ ਦੀ ਘਾਟ ਵੀ ਪੂਰੀ ਕੀਤੀ ਜਾਵੇਗੀ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਮੋਗਾ ਵਿਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਦੱਸਿਆ ਕਿ ਜੋ ਕੰਮ ਤਿੰਨ ਮਹੀਨੇ ਵਿੱਚ ਮਾਨ ਸਰਕਾਰ ਨੇ ਕੀਤੇ ਹਨ ਕੋਈ ਹੋਰ ਸਰਕਾਰ ਇਹ ਕੰਮ ਪੰਜ-ਪੰਜ ਸਾਲਾਂ ਵਿਚ ਵੀ ਨਹੀਂ ਕਰ ਸਕੀ। ਹਲਕਾ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਤੋਂ ਦਿੱਲੀ ਏਅਰਪੋਰਟ ਲਈ ਨਵੀਂ ਵੋਲਵੋ ਬੱਸ ਤਿਆਰ ਹੈ। ਇਹ ਕਾਗ਼ਜ਼ੀ ਕਾਰਵਾਈ ਮੁਕੰਮਲ ਹੁੰਦਿਆਂ ਹੀ ਚੱਲ ਪਵੇਗੀ।