ਰਾਮ ਸਰਨ ਸੂਦ
ਅਮਲੋਹ, 4 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਮਲੋਹ ਹਲਕੇ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ’ਚ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਆਉਣ ’ਤੇ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਜਣਗੀਆਂ ਅਤੇ ਕਾਂਗਰਸ ਵੱਲੋਂ ਕੀਤੇ ਧੱਕੇ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਅਕਾਲੀ ਵਰਕਰਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਵਾਲੇ ਕਾਂਗਰਸੀਆਂ ਤੇ ਅਫ਼ਸਰਾਂ ਖਿਲਾਫ਼ 2 ਮਹੀਨੇ ਵਿੱਚ ਕਮਿਸ਼ਨ ਬਣਾ ਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਵਿੱਚ 13 ਨੁਕਾਤੀ ਪ੍ਰੋਗਰਾਮ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਹਰ ਹੀਲੇ ਲਾਗੂ ਕੀਤਾ ਜਾਵੇਗਾ, ਜਿਵੇਂ ਬਿਜਲੀ ਬਿੱਲ ਮੁਆਫ਼ ਕਰਨਾ, ਗਰੀਬ ਵਿਦਿਆਰਥੀਆਂ ਦੀ ਮੁਫ਼ਤ ਪੜ੍ਹਾਈ, ਰਿਆਇਤੀ ਕਰਜ਼ੇ, ਮੁਫ਼ਤ ਸਿਹਤ ਸਹੂਲਤਾਂ, ਛੋਟੇ ਦੁਕਾਨਦਾਰਾਂ ਨੂੰ ਕਰਜ਼ੇ ਅਤੇ ਹੋਰ ਕਈ ਅਹਿਮ ਸਹੂਲਤਾਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿਹੜੇ ਲੋਕਾਂ ਦੇ ਨੀਲੇ ਕਾਰਡ ਕੱਟੇ ਹਨ, ਉਨ੍ਹਾਂ ਦੇ ਦੁਬਾਰਾ ਕਾਰਡ ਬਣਾ ਕੇ ਇਸ ਵਾਰ ਦਾਲ ਦੀ ਥਾਂ ਆਲੂਆਂ ਦੀ ਬੋਰੀ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਜ਼ਿਲ੍ਹਾ ਜਥੇਦਾਰ ਜਗਦੀਪ ਸਿੰਘ ਚੀਮਾ, ਕਰਮਜੀਤ ਸਿੰਘ ਭਗੜਾਣਾ, ਸਰਬਜੀਤ ਸਿੰਘ ਝਿੰਜਰ, ਸ਼ਰਨਜੀਤ ਸਿੰਘ ਚਨਾਰਥਲ, ਹਰਬੰਸ ਸਿੰਘ ਬਡਾਲੀ ਹਾਜ਼ਰ ਸਨ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਇਸੇ ਦੌਰਾਨ ਉਨ੍ਹਾਂ ਖੰਨਾ ਤੋਂ ਪਾਰਟੀ ਉਮੀਦਵਾਰ ਜਸਦੀਪ ਕੌਰ ਯਾਦੂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਿਨ੍ਹਾਂ ਪੰਚਾਇਤਾਂ ਤੇ ਅਫ਼ਸਰਾਂ ਨੇ ਮਨਰੇਗਾ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹਲਕਾ ਖੰਨਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਇਲਾਕੇ ਵਿੱਚ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ। ਉਨ੍ਹਾਂ ਕੇਜਰੀਵਾਲ ਦੇ ਬਿਆਨਾਂ ’ਤੇ ਵੀ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵਿਨਰਜੀਤ ਗੋਲਡੀ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ ਸੰਗਰੂਰ ਤੋਂ ਵਿਨਰਜੀਤ ਸਿੰਘ ਗੋਲਡੀ ਨੂੰ ਉਮੀਦਵਾਰ ਐਲਾਨਿਆ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਹੁਣ ਤੱਕ 91 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।