ਮਹਿੰਦਰ ਸਿੰਘ ਰੱਤੀਆਂ
ਧਰਮਕੋਟ/ਮੋਗਾ, 2 ਜਨਵਰੀ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਉਹ ਸਿਰਫ਼ 100 ਦਿਨ ਦਾ ਹਿਸਾਬ ਦੇ ਰਹੀ ਹੈ ਬਾਕੀ ਸਾਢੇ ਚਾਰ ਸਾਲਾਂ ਦਾ ਹਿਸਾਬ ਕਿੱਥੇ ਹੈ। 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਦੀ ਫਾਈਲ ਰਾਜਪਾਲ ਨੇ ਰੋਕ ਦਿੱਤੀ ਪਰ ਚੰਨੀ ਸਰਕਾਰ ਨੇ ਵਾਹ-ਵਾਹ ਖੱਟਣ ਲਈ ਬਿਜਲੀ ਦੇ ਖੰਭਿਆਂ, ਦਰੱਖਤਾਂ ’ਤੇ ਸ਼ਹਿਰਾਂ ਵਿੱਚ ਪਹਿਲਾਂ ਹੀ ਠੇਕਾ ਮੁਲਾਜ਼ਮ ਪੱਕੇ ਕਰਨ ਦੇ ਫਲੈਕਸ ਟੰਗ ਦਿੱਤੇ। ਉਹ ਇੱਥੇ ਧਰਮਕੋਟ ਤੋਂ ‘ਆਪ’ ਉਮੀਦਵਾਰ ਦਵਿੰਦਰ ਸਿੰਘ ਲਾਡੀ ਢੋਸ ਦੇ ਸਮਰਥਨ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਖੇਤੀ ਸੁਧਾਰਾਂ ’ਤੇ ਜ਼ੋਰ ਦਿੰਦਿਆਂ ਮਾਨ ਨੇ ਕਿਹਾ ਕਿ ਖੇਤੀ ਦੇ ਸੁਧਾਰ ਅਤੇ ਵੱਧ ਪੈਦਾਵਾਰ ਲਈ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਹਰ ਪਿੰਡ ਲਈ ਖੇਤੀਬਾੜੀ ਮਾਹਿਰਾਂ ਦੀ ਵੱਡੇ ਪੱਧਰ ’ਤੇ ਭਰਤੀ ਕੀਤੀ ਜਾਵੇਗੀ।
‘ਆਪ’ ਆਗੂ ਦਿਨੇਸ਼ ਬਾਂਸਲ ਵੱਲੋਂ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ
ਸੰਗਰੂਰ (ਗੁਰਦੀਪ ਸਿੰਘ ਲਾਲੀ): ਸੰਗਰੂਰ ਤੋਂ ਟਿਕਟ ਨਾ ਮਿਲਣ ’ਤੇ ਖਫ਼ਾ ਹੋਏ ‘ਆਪ’ ਆਗੂ ਦਿਨੇਸ਼ ਬਾਂਸਲ ਨੇ ਅੱਜ ਬਾਗੀ ਤੇਵਰ ਦਿਖਾਉਂਦਿਆਂ ਸਮਰਥਕਾਂ ਸਣੇ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਧਰਨਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਲਕੇ ਵਿੱਚ ਲੋਕ ਮੁੱਦਿਆਂ ’ਤੇ ਲੜਾਈਆਂ ਲੜਦੇ ਰਹਿ ਗਏ ਪਰ ਟਿਕਟ ਕਿਸੇ ਹੋਰ ਨੂੰ ਹੀ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਸਮਰਥਕਾਂ ਦੀ ਸਲਾਹ ਨਾਲ ਹੀ ਅਗਲਾ ਫ਼ੈਸਲਾ ਲੈਣਗੇ ਪਰ ਅੱਜ ਉਹ ਸੂਬਾ ਪ੍ਰਧਾਨ ਭਗਵੰਤ ਮਾਨ ਕੋਲ ਆਪਣਾ ਪੱਖ ਰੱਖਣ ਗਏ ਸਨ ਪਰ ਉਹ ਨਹੀਂ ਮਿਲੇ। ਜ਼ਿਕਰਯੋਗ ਹੈ ਕਿ ਦਿਨੇਸ਼ ਬਾਂਸਲ ਨੇ ਪਿਛਲੀ ਵਿਧਾਨ ਸਭਾ ਚੋਣ ਵਿੱਚ ‘ਆਪ’ ਉਮੀਦਵਾਰ ਵਜੋਂ 36,498 ਵੋਟਾਂ ਪ੍ਰਾਪਤ ਕੀਤੀਆਂ ਸੀ।