ਚਰਨਜੀਤ ਭੁੱਲਰ
ਚੰਡੀਗੜ੍ਹ, 1 ਅਕਤੂਬਰ
ਗੁਜਰਾਤ ਵਿੱਚ ਉਜਾੜੇ ਦਾ ਖ਼ੌਫ ਝੱਲ ਰਹੇ ਪੰਜਾਬੀ ਕਿਸਾਨਾਂ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੀ ਜਾਵੇਗੀ। ਗੁਜਰਾਤ ਵਿੱਚ ਵੱਸਦੇ ਪੰਜਾਬੀ ਕਿਸਾਨਾਂ ਨੇ ਅੱਜ ਗਾਂਧੀ ਧਾਮ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਘਾ ਸਵਾਗਤ ਕੀਤਾ। ਗਾਂਧੀ ਧਾਮ ਵਿੱਚ ਹੋਈ ਇਕ ਜਨਤਕ ਰੈਲੀ ਵਿੱਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ। ਗੁਜਰਾਤ ’ਚ ਪੰਜਾਬੀ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਪ੍ਰਿਥੀ ਸਿੰਘ ਨੇ ਦੱਸਿਆ ਕਿ ਅੱਜ ਗੁਜਰਾਤ ਪੁਲੀਸ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਰਾਹ ਵਿੱਚ ਅੜਿੱਕੇ ਡਾਹੇ ਜਦੋਂ ਕਿ ਕਿਸਾਨਾਂ ਦੀ ਮਿਲਣੀ ਪਹਿਲਾਂ ਹੀ ਤੈਅ ਸੀ ਅਤੇ ਪਾਸ ਵਗੈਰਾ ਵੀ ਬਣਾਏ ਹੋਏ ਸਨ। ਉਨ੍ਹਾਂ ਦੱਸਿਆ ਕਿ ਰੈਲੀ ਖ਼ਤਮ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਖੇਪ ਮਿਲਣੀ ਕਰ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਕਿਸਾਨ ਨੂੰ ਗੁਜਰਾਤ ’ਚੋਂ ਉਜੜਨ ਨਹੀਂ ਦਿੱਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਬਤੌਰ ਸੰਸਦ ਮੈਂਬਰ ਵੀ ਗੁਜਰਾਤ ਵਿਚਲੇ ਪੰਜਾਬੀ ਕਿਸਾਨਾਂ ਦੇ ਮਸਲੇ ਕੇਂਦਰ ਸਰਕਾਰ ਕੋਲ ਉਠਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਕਿਸਾਨਾਂ ਨੂੰ ਉਜੜਨ ਨਹੀਂ ਦੇਣਗੇ। ਕਿਸਾਨਾਂ ਦੇ ਵਫ਼ਦ ਨੇ ਦੱਸਿਆ ਕਿ ਉਨ੍ਹਾਂ ਦੀ ਟੇਕ ਆਮ ਆਦਮੀ ਪਾਰਟੀ ’ਤੇ ਹੈ। ਪਿੰਡ ਨਰੌਣਾ ਦੇ ਕਿਸਾਨ ਬਿੱਕਰ ਸਿੰਘ ਤੋਂ ਇਲਾਵਾ ਸੁਖਮਿੰਦਰ ਸਿੰਘ ਤੇ ਲਖਵੀਰ ਸਿੰਘ ਦਾ ਕਹਿਣਾ ਸੀ ਕਿ ਅੱਜ ਰੈਲੀ ਮਗਰੋਂ ਸਮੇਂ ਦੀ ਘਾਟ ਕਰ ਕੇ ਵਿਸਥਾਰ ਵਿੱਚ ਤਾਂ ਗੱਲ ਨਹੀਂ ਹੋ ਸਕੀ ਪ੍ਰੰਤੂ ਭਗਵੰਤ ਮਾਨ ਨੇ ਉਨ੍ਹਾਂ ਦੀ ਗੱਲ ਸੁਣ ਕੇ ਭਰੋਸਾ ਜ਼ਰੂਰ ਦਿੱਤਾ ਹੈ।
ਕਿਸਾਨ ਜੀਤ ਸਿੰਘ ਅਤੇ ਸਾਗਰ ਸਿੰਘ ਦਾ ਵੀ ਇਹੀ ਕਹਿਣਾ ਸੀ ਕਿ ਫਿਲਹਾਲ ਉਨ੍ਹਾਂ ਦੀ ਟੇਕ ਤਾਂ ਆਮ ਆਦਮੀ ਪਾਰਟੀ ’ਤੇ ਹੈ ਕਿਉਂਕਿ ਭਾਜਪਾ ਸਰਕਾਰ ਨੇ ਤਾਂ ਉਨ੍ਹਾਂ ਨੂੰ ਲਾਰਿਆਂ ਵਿੱਚ ਹੀ ਰੱਖਿਆ ਹੈ। ਕਿਸਾਨਾਂ ਦਾ ਗਿਲਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਹਕੂਮਤ ਦੌਰਾਨ ਗੁਜਰਾਤ ਦੇ ਕਿਸਾਨਾਂ ਦੀ ਬਾਂਹ ਨਹੀਂ ਫੜੀ। ਪੰਜਾਬੀ ਕਿਸਾਨਾਂ ਨੇ ਗੁਜਰਾਤ ਵਿੱਚ ‘ਆਪ’ ਦੇ ਦੋ ਦਿਨਾਂ ਪ੍ਰੋਗਰਾਮਾਂ ’ਚ ਪੁੱਜੇ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਕਿਸਾਨਾਂ ਨੂੰ ਉਜਾੜੇ ਦੀ ਲਟਕ ਰਹੀ ਤਲਵਾਰ ਤੋਂ ਮੁਕਤੀ ਦਿਵਾਉਣ।
ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਲਾਲ ਬਹਾਦਰ ਸ਼ਾਸਤਰੀ ਨੇ 1964 ਵਿੱਚ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਭੁਜ ਖੇਤਰ ਵਿੱਚ ਜ਼ਮੀਨਾਂ ਅਲਾਟ ਕੀਤੀਆਂ ਸਨ। ਸੂਬੇ ਵਿੱਚ ਕਰੀਬ 20 ਹਜ਼ਾਰ ਏਕੜ ਜ਼ਮੀਨ ਪੰਜਾਬੀ ਕਿਸਾਨਾਂ ਕੋਲ ਹੈ। ਗੁਜਰਾਤ ਵਿੱਚ ਕਰੀਬ ਪੰਜ ਹਜ਼ਾਰ ਪੰਜਾਬੀ ਕਿਸਾਨਾਂ ਦੇ ਪਰਿਵਾਰ ਹਨ ਜਿਹੜੇ ਲੰਬੇ ਸਮੇਂ ਤੋਂ ਜ਼ਮੀਨਾਂ ਬਚਾਉਣ ਲਈ ਲੜਾਈ ਲੜ ਰਹੇ ਹਨ। ਕੁਝ ਸਮਾਂ ਪਹਿਲਾਂ ਗੁਜਰਾਤ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਦੀ ਮਾਲਕੀ ਮਾਲ ਵਿਭਾਗ ਦੇ ਰਿਕਾਰਡ ਵਿੱਚ ਰੈੱਡ ਲਾਈਨ ’ਚ ਕਰ ਦਿੱਤੀ ਸੀ ਜਿਸ ਨੂੰ ਕਿਸਾਨਾਂ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਕਿਸਾਨਾਂ ਨੂੰ ਰਾਹਤ ਦੇ ਦਿੱਤੀ ਸੀ ਪਰ ਗੁਜਰਾਤ ਸਰਕਾਰ ਇਸ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਚਲੀ ਗਈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਫਰਵਰੀ 2014 ਨੂੰ ਜਗਰਾਉਂ ਵਿੱਚ ਕੀਤੀ ‘ਫ਼ਤਹਿ ਰੈਲੀ’ ਵਿੱਚ ਵਾਅਦਾ ਕੀਤਾ ਸੀ ਕਿ ਗੁਜਰਾਤ ’ਚੋਂ ਕਿਸੇ ਵੀ ਸਿੱਖ ਕਿਸਾਨ ਨੂੰ ਉਜੜਨ ਨਹੀਂ ਦਿੱਤਾ ਜਾਵੇਗਾ। ਮਾਰਚ 2019 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਚੇਚੇ ਤੌਰ ’ਤੇ ਗੁਜਰਾਤ ਪੁੱਜੇ ਸਨ ਅਤੇ ਇਸ ਮੌਕੇ ਮੋਦੀ ਨੂੰ ਸ੍ਰੀ ਬਾਦਲ ਨੇ ਸਟੇਜ ’ਤੇ ਆਸ਼ੀਰਵਾਦ ਦਿੱਤਾ ਸੀ। ਉਸ ਵੇਲੇ ਬਾਦਲ ਪੰਜਾਬੀ ਕਿਸਾਨਾਂ ਦੀ ਆਵਾਜ਼ ਉਠਾਉਣ ਤੋਂ ਪਾਸਾ ਵੱਟ ਗਏ ਸਨ।
‘ਪੰਜਾਬੀ ਕਿਸਾਨਾਂ ਨੇ ਪਥਰਾਟ ਭੰਨੇ ਹਨ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਹੋ ਰਿਹਾ ਹੈ ਅਤੇ ਇਨ੍ਹਾਂ ਕਿਸਾਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਥਰਾਟ ਬਣੀਆਂ ਜ਼ਮੀਨਾਂ ਨੂੰ ਆਬਾਦ ਕਰਨਾ ਸੀ ਤਾਂ ਉਦੋਂ ਪੰਜਾਬ ਦੇ ਕਿਸਾਨਾਂ ਨੂੰ ਗੁਜਰਾਤ ਸੱਦਿਆ ਗਿਆ ਅਤੇ ਹੁਣ ਜਦੋਂ ਖੇਤ ਹਰੇ-ਭਰੇ ਹੋ ਗਏ ਹਨ ਤਾਂ ਕਿਸਾਨਾਂ ਨੂੰ ਗੁਜਰਾਤ ’ਚੋਂ ਜਾਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸਾਨਾਂ ਨੂੰ ਖੌਫ ਮੁਕਤ ਕੀਤਾ ਜਾਵੇਗਾ।