ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 24 ਅਗਸਤ
ਪੰਜਾਬੀ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ (ਪਫ਼ਟਾ) ਨੇ ਆਪਣਾ ਸਥਾਪਨਾ ਦਿਵਸ ਅੱਜ ਮੁਹਾਲੀ ਸਥਿਤ ਦਫ਼ਤਰ ਵਿੱਚ ਮਨਾਇਆ। ਇਸ ਮੌਕੇ ਕਈ ਉੱਘੇ ਕਲਾਕਾਰਾਂ ਤੇ ਐਸੋਸੀਏਸ਼ਨ ਦੇ ਬਾਨੀ ਮੈਂਬਰਾਂ ਨੇ ਸ਼ਿਰਕਤ ਕਰਦਿਆਂ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਅਨਮੋਲ ਨੇ ਕਿਹਾ ਕਿ ਐਸੋਸੀਏਸ਼ਨ ਜਦੋਂ ਤੋਂ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਪੰਜਾਬੀ ਸਿਨੇਮਾ ਦੀ ਤਰੱਕੀ ਤੇ ਬਿਹਤਰੀ ਲਈ ਕਾਰਜਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਵੀ ਸੰਸਥਾ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਤੇ ਸਿਨੇਮਾ ਨਾਲ ਜੁੜੇ ਹਰ ਵਰਗ ਦੀ ਸਹਾਇਤਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਪੰਜਾਬੀ ਸਿਨੇਮਾ ਨੂੰ ਹੋਰ ਬੁਲੰਦੀਆਂ ’ਤੇ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸੰਸਥਾ ਦੇ ਬਾਨੀ ਮੈਂਬਰ ਤੇ ਅਦਾਕਾਰ ਸ਼ਿਵੰਦਰ ਮਾਹਲ ਨੇ ਕਿਹਾ ਕਿ ਪਫ਼ਟਾ ਸੀਨੀਅਰ ਤੇ ਨਵੇਂ ਕਲਾਕਾਰਾਂ ਦਰਮਿਆਨ ਕੜੀ ਦਾ ਕੰਮ ਕਰਦੀ ਹੋਈ ਅਗਾਂਹ ਵੱਧ ਰਹੀ ਹੈ। ਭਾਰਤ ਭੂਸ਼ਨ ਆਸ਼ੂ ਨੇ ਮੁੱਢਲੇ ਦਿਨਾਂ ਤੋਂ ਹਾਲਾਤਾਂ ਤੇ ਸੰਸਥਾ ਵੱਲੋਂ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉੱਘੇ ਅਦਾਕਾਰ, ਨਿਰਮਾਤਾ, ਨਿਰਦੇਸ਼ਕ ਰਤਨ ਔਲਖ ਨੇ ਸੰਸਥਾ ਦੇ ਕਾਰਜਾਂ ਦੀ ਵਡਿਆਈ ਕੀਤੀ ਤੇ ਇਸ ਮੌਕੇ ਬਲਕਾਰ ਸਿੱਧੂ ਤੇ ਡਾ. ਸਵੈਰਾਜ ਸੰਧੂ ਨੇ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਲਿਆਉਣ ਸਬੰਧੀ ਕੁੱਝ ਸੁਝਾਅ ਵੀ ਦਿੱਤੇ। ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਤੇ ਦਿਲਾਵਰ ਸਿੱਧੂ ਨੇ ਅਗਲੇਰੇ ਕਾਰਜਾਂ ਲਈ ਫੰਡ ਇਕੱਤਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸੰਸਥਾ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਪਿਛਲੇ ਸਮੇਂ ਦੌਰਾਨ ਸੰਸਥਾ ਵੱਲੋਂ ਕਰਵਾਏ ਗਏ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਡਾ. ਰਣਜੀਤ ਸ਼ਰਮਾ, ਪਰਮਜੀਤ ਭੰਗੂ, ਮੋਹਿਤ ਬਨਵੈਤ, ਪਰਮਵੀਰ ਸਿੰਘ, ਅਮਨ ਜੌਹਲ ਤੇ ਜੱਸ ਸੈਂਪਲਾ ਵੀ ਹਾਜ਼ਰ ਸਨ।