ਗੁਰਿੰਦਰ ਸਿੰਘ
ਲੁਧਿਆਣਾ, 12 ਫਰਵਰੀ
ਮਜਲਿਸ ਅਹਿਰਾਰ ਇਸਲਾਮ ਦੇ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਦੀ ਅਗਵਾਈ ਹੇਠ ਹਜ਼ਾਰਾਂ ਮੁਸਲਿਮ ਬੀਬੀਆਂ ਨੇ ਹਿਜਾਬ ਮਾਰਚ ਕੱਢਿਆ। ਇਸ ਮੌਕੇ ਕਰਨਾਟਕ ਦੇ ਇੱਕ ਕਾਲਜ ਵਿੱਚ ਮੁਸਲਿਮ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ’ਤੇ ਕੱਟੜਪੰਥੀ ਸੰਗਠਨਾਂ ਵੱਲੋਂ ਕੀਤੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਹਿਜਾਬ ਮਾਰਚ ਨਾਮਧਾਰੀ ਸ਼ਹੀਦੀ ਸਮਾਰਕ ਨੇੜਿਓਂ ਸ਼ੁਰੂ ਹੋ ਕੇ ਬਰਾਊਨ ਰੋਡ, ਸੁਭਾਨੀ ਬਿਲਡਿੰਗ, ਸ਼ਾਹਪੁਰ ਰੋਡ ਤੋਂ ਹੁੰਦਾ ਹੋਇਆ ਜਾਮਾ ਮਸਜਿਦ ਪਹੁੰਚਿਆ। ਇਸ ਮਗਰੋਂ ਪੁਰਾਣੀ ਜੇਲ੍ਹ ਰੋਡ ਤੋਂ ਹੁੰਦੇ ਹੋਏ ਸਿਵਲ ਹਸਪਤਾਲ ਨੇੜੇ ਸਮਾਪਤ ਹੋਇਆ। ਮਾਰਚ ਵਿੱਚ ਵੱਡੀ ਗਿਣਤੀ ਮੁਸਲਿਮ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਵੀ ਮੌਜੂਦ ਸਨ। ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਪੰਜਾਬ ਅਤੇ ਲੁਧਿਆਣਾ ਦੀਆਂ ਇਹ ਬੇਟੀਆਂ ਅਤੇ ਭਰਾ ਆਪਣੀ ਕਰਨਾਟਕ ਦੀ ਉਸ ਬਹਾਦਰ ਭੈਣ ਨੂੰ ਸਲਾਮ ਕਰਨ ਲਈ ਇਕੱਠੇ ਹੋਏ ਹਨ, ਜਿਸ ਨੇ ਬਹਾਦਰੀ ਅਤੇ ਹਿੰਮਤ ਵਿਖਾ ਕੇ ਦੁਨੀਆਂ ਭਰ ਦੀਆਂ ਬੇਟੀਆਂ ਨੂੰ ਨਵਾਂ ਹੌਸਲਾ ਦਿੱਤਾ ਹੈ। ਸ਼ਾਹੀ ਇਮਾਮ ਨੇ ਕਿਹਾ, ‘‘ਸਾਡੇ ਦੇਸ਼ ਦਾ ਸੰਵਿਧਾਨ ਸਾਰਿਆਂ ਨੂੰ ਆਪਣੇ-ਆਪਣੇ ਧਰਮ ’ਤੇ ਚੱਲਣ ਦੀ ਆਜ਼ਾਦੀ ਦਿੰਦਾ ਹੈ, ਹਿਜਾਬ ਪਾ ਕੇ ਸਦੀਆਂ ਤੋਂ ਮੁਸਲਮਾਨ ਬੱਚੀਆਂ ਦੇਸ਼ ’ਚ ਪੜ੍ਹਦੀਆਂ ਰਹੀਆਂ ਹਨ। ਕੁਝ ਲੋਕ ਦੇਸ਼ ਦੀ ਜਨਤਾ ਨੂੰ ਧਰਮ ਦੇ ਨਾਂ ’ਤੇ ਵੱਖ-ਵੱਖ ਕਰ ਕੇ ਹਮੇਸ਼ਾ ਲਈ ਸੱਤਾ ’ਚ ਰਹਿਣਾ ਚਾਹੁੰਦੇ ਹਨ ਪਰ ਭਾਰਤ ’ਚ ਕਦੇ ਅਜਿਹਾ ਹੋਣ ਵਾਲਾ ਨਹੀਂ ਹੈ, ਕਿਉਂਕਿ ਇੱਥੇ ਸਦੀਆਂ ਤੋਂ ਸਾਰੇ ਧਰਮਾਂ ਦੇ ਲੋਕ ਆਪਸ ’ਚ ਮਿਲ ਜੁਲ ਕੇ ਰਹਿੰਦੇ ਹਨ।’’