ਪੱਤਰ ਪ੍ਰੇਰਕ/ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ/ਚੰਡੀਗੜ੍ਹ, 29 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਗੱਲਬਾਤ ਕੀਤੀ ਅਤੇ ਦਿੱਲੀ ਵਿਚ ਕਿਸਾਨ ਸੰਘਰਸ਼ ਦੀ ਹਮਾਇਤ ਲਈ ਹੋਰ ਵਧੇਰੇ ਹਮਾਇਤ ਜੁਟਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਦਿਨ ਵੇਲੇ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਮਾਮਲੇ ਵਿਚ ਸਰਕਾਰ ਦਾ ਟਾਕਰਾ ਕਰਨ ਲਈ ਵਿਰੋਧੀ ਧਿਰ ਦੀ ਅਗਵਾਈ ਕੀਤੀ। ਸ੍ਰੀ ਬਾਦਲ ਨੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਰਾਜਨਾਥ ਸਿੰਘ ਨਾਲ ਸੰਸਦ ਭਵਨ ਦੇ ਮੁੱਖ ਦਰਵਾਜ਼ੇ ’ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਲਈ ਆਖਿਆ। ਸ੍ਰੀ ਬਾਦਲ ਨੇ ਟੈਲੀਫੋਨ ’ਤੇ ਸ੍ਰੀ ਟਿਕੈਤ ਨਾਲ ਗੱਲਬਾਤ ਕਰਨ ਮਗਰੋਂ ਅਕਾਲੀ ਵਰਕਰਾਂ ਨੂੰ ਆਖਿਆ ਕਿ ਉਹ ਵੱਡੀ ਗਿਣਤੀ ਵਿਚ ਦਿੱਲੀ ਲਈ ਕੂਚ ਕਰਨ ਤੇ ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਨਾਲ ਧਰਨੇ ਵਿਚ ਸ਼ਾਮਲ ਹੋਣ ਤੇ ਸ਼ਾਂਤੀਪੂਰਨ ਲਹਿਰ ਨੂੰ ਹੋਰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਈ ਜਥੇ ਪਹਿਲਾਂ ਹੀ ਕਿਸਾਨਾਂ ਨਾਲ ਸ਼ਾਮਲ ਹੋ ਚੁੱਕੇ ਹਨ ਜਦਕਿ ਵੱਡੀ ਗਿਣਤੀ ਵਿਚ ਅਕਾਲੀ ਦਿੱਲੀ ਦੇ ਰਾਹ ਵਿਚ ਹਨ। ਸ੍ਰੀ ਬਾਦਲ ਨੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਹਰਮੀਤ ਸਿੰਘ ਕਾਲਕਾ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਸ਼ਮੂਲੀਅਤ ਵਾਲੇ ਵਫ਼ਦ ਦੀ ਡਿਊਟੀ ਲਾਈ ਕਿ ਉਹ ਸ੍ਰੀ ਟਿਕੈਤ ਦੀ ਅਗਵਾਈ ਹੇਠ ਚਲ ਰਹੇ ਕਿਸਾਨ ਧਰਨੇ ਵਾਲੀ ਥਾਂ ਦਾ ਦੌਰਾ ਕਰਨ। ਇਨ੍ਹਾਂ ਆਗੂਆਂ ਨੇ ਸ੍ਰੀ ਟਿਕੈਤ ਨਾਲ ਮੁਲਾਕਾਤ ਕੀਤੀ।