ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਅਪਰੈਲ
ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਪਟਿਆਲਾ ਪੁਲੀਸ ਵੱਲੋਂ ਬੇਨਕਾਬ ਕੀਤੀ ਗਈ ਜੇਲ੍ਹ ’ਚੋਂ ਹੁੰਦੀ ਹਥਿਆਰਾਂ ਦੀ ਤਸਕਰੀ ਦੀ ਕੜੀ ਵਜੋਂ ਅੱਜ ਤਿੰਨ ਹੋਰ ਹਥਿਆਰ ਤਸਕਰ ਪੰਜ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਹਨ। ਇਹ ਬਰਾਮਦਗੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਗੈਂਗਸਟਰ ਰਾਜੀਵ ਰਾਜਾ ਦੀ ਪੁੱਛ-ਪੜਤਾਲ ਮਗਰੋਂ ਹੋਈ ਹੈ। ਉਂਜ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਟਿਆਲਾ ਪੁਲੀਸ ਵੱਲੋਂ ਇੱਕ ਮਹੀਨੇ ’ਚ 22 ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ।
ਐੱਸਪੀ (ਡੀ) ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਗੈਂਗਸਟਰ ਰਾਜੀਵ ਰਾਜਾ ਖ਼ਿਲਾਫ਼ 34 ਕੇਸ ਦਰਜ ਹਨ। ਉਸ ਨੂੰ 18 ਅਪਰੈਲ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਪੜਤਾਲ ਦੇ ਆਧਾਰ ’ਤੇ ਅੱਜ ਵਰਿੰਦਰਜੀਤ ਸਾਬੀ ਅਤੇ ਦਿਲਬਾਗ ਵਾਸੀ ਹੁਸ਼ਿਆਰਪੁਰ ਤੋਂ ਦੋ-ਦੋ ਅਤੇ ਗੁਰਦੀਪ ਵਾਸੀ ਪਟਿਆਲਾ ਕੋਲੋਂ ਇਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਪਹਿਲਾਂ ਵੀ ਰਾਜਾ ਦੇ ਸਾਥੀਆਂ ਤਰੁਣ ਕੁਮਰ, ਜਸਦੀਪ ਜੱਸ ਅਤੇ ਸੁਖਵਿੰਦਰ ਰਾਜਾ ਕੋਲੋਂ ਪੰਜ ਪਿਸਤੌਲ ਬਰਾਮਦ ਕੀਤੇ ਜਾ ਚੁੱਕੇ ਹਨ। ਦੂਜੇ ਸੂਬਿਆਂ ਤੋਂ ਖਰੀਦੇ ਗਏ ਇਹ ਹਥਿਆਰ ਪੰਜਾਬ ’ਚ ਸਪਲਾਈ ਕੀਤੇ ਜਾਣੇ ਸਨ।
ਗੁਰਦਾਸਪੁਰ (ਕੇ.ਪੀ. ਸਿੰਘ): ਇੱਥੋਂ ਦੀ ਪੁਲੀਸ ਨੇ ਇੱਥੋਂ ਦੇ ਇੱਕ ਕਲੋਨਾਈਜ਼ਰ ਨੂੰ ਜੇਲ੍ਹ ’ਚੋਂ ਜਾਨੋਂ ਮਾਰਨ ਦੀ ਧਮਕੀ ਦੇ ਕੇ ਡੇਢ ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਪੁੱਛ-ਪੜਤਾਲ ਲਈ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਅੰਮ੍ਰਿਤਸਰ ਤੋਂ ਲੈ ਕੇ ਆਉਣ ਮਗਰੋਂ ਸੁੱਖ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ। ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਪਤਾ ਕੀਤਾ ਜਾਵੇਗਾ ਕਿ ਸੁੱਖ ਨੇ ਹੋਰ ਕਿਸੇ ਕੋਲੋਂ ਵੀ ਫਿਰੌਤੀ ਤਾਂ ਨਹੀਂ ਮੰਗੀ।
ਸੰਦੀਪ ਨੰਗਲ ਅੰਬੀਆਂ ਦੇ ਕਤਲ ਲਈ ਯੂਪੀ ਤੋਂ ਲਿਆਂਦੇ ਗਏ ਸਨ ਹਥਿਆਰ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਰੁਦਰਪੁਰ ਤੋਂ ਫੜੇ ਗਏ ਹਰਵਿੰਦਰ ਸਿੰਘ ਫ਼ੌਜੀ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸ ਨੇ ਵਾਰਦਾਤ ਲਈ ਹਥਿਆਰ ਉੱਤਰ ਪ੍ਰਦੇਸ਼ ਤੋਂ ਲਿਆਂਦੇ ਸਨ। ਪੁਲੀਸ ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਰਵਿੰਦਰ ਨਾਲ ਹੋਰ ਕਿਹੜੇ ਲੋਕ ਸ਼ਾਮਲ ਸਨ, ਜਿਨ੍ਹਾਂ ਨੇ ਹਥਿਆਰ ਸਪਲਾਈ ਕੀਤੇ ਸਨ। ਇਸੇ ਦੌਰਾਨ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਵਿਕਾਸ ਮਾਹਲੇ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜਲੰਧਰ ਲਿਆਉਣ ਲਈ ਤਿਆਰੀ ਕੀਤੀ ਜਾ ਰਹੀ ਹੈ। ਦਿਹਾਤੀ ਪੁਲੀਸ ਨੇ ਇਸ ਮਾਮਲੇ ਵਿਚ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 14 ਮਾਰਚ ਨੂੰ ਮੱਲ੍ਹੀਆਂ ਖੁਰਦ ਵਿੱਚ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।