ਚਰਨਜੀਤ ਭੁੱਲਰ
ਚੰਡੀਗੜ੍ਹ, 16 ਅਕਤੂਬਰ
ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਐਤਕੀਂ ਕਿਸਾਨਾਂ ਨੂੰ ਤੋਹਫ਼ਾ ਦੇਣ ’ਚ ਹੱਥ ਘੁੱਟਿਆ ਹੈ। ਸਰਕਾਰ ਨੇ ਅੱਜ ਕਣਕ ਦੀ ਫ਼ਸਲ ’ਤੇ ਸਾਲ 2025-26 ਲਈ ਘੱਟੋ ਘੱਟ ਸਮਰਥਨ ਮੁੱਲ 2425 ਰੁਪਏ ਪ੍ਰਤੀ ਕੁਇੰਟਲ ਦਾ ਐਲਾਨ ਕੀਤਾ ਹੈ, ਜੋ ਕਿ ਡੇਢ ਸੌ ਰੁਪਏ ਦਾ ਪ੍ਰਤੀ ਕੁਇੰਟਲ ਦਾ ਵਾਧਾ ਬਣਦਾ ਹੈ। ਪਿਛਲੇ ਸਾਲ ਵੀ ਕੇਂਦਰ ਨੇ 150 ਰੁਪਏ ਪ੍ਰਤੀ ਕੁਇੰਟਲ ਭਾਅ ਵਧਾਇਆ ਸੀ। ਲੰਘੇ 55 ਵਰ੍ਹਿਆਂ ’ਤੇ ਨਜ਼ਰ ਮਾਰੀਏ ਤਾਂ ਕਦੇ ਵੀ ਇਹ ਵਾਧਾ 150 ਰੁਪਏ ਨੂੰ ਪਾਰ ਨਹੀਂ ਕੀਤਾ। ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵਾਧਾ ਐਲਾਨਿਆ ਗਿਆ ਹੈ। ਲਾਗਤ ਖ਼ਰਚਿਆਂ ਦੇ ਮੁਕਾਬਲੇ ਇਹ ਵਾਧਾ ਨਿਗੂਣਾ ਹੈ। 1998-99 ਵਿੱਚ ਕਣਕ ਦਾ ਸਰਕਾਰੀ ਭਾਅ 550 ਰੁਪਏ ਪ੍ਰਤੀ ਕੁਇੰਟਲ ਸੀ, ਜਦੋਂਕਿ ਡੀਜ਼ਲ ਦਾ 200 ਲਿਟਰ ਦਾ ਡਰੰਮ 1974 ਰੁਪਏ ਦਾ ਭਰਦਾ ਸੀ। ਹੁਣ ਕਣਕ ਦਾ ਭਾਅ 2425 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕੀਤਾ ਹੈ, ਜਦੋਂਕਿ ਡੀਜ਼ਲ ਦਾ ਡਰੰਮ 17,604 ਰੁਪਏ ਹੋ ਗਿਆ ਹੈ। ਕਣਕ ਦਾ 1970-71 ਵਿੱਚ ਸਰਕਾਰੀ ਭਾਅ 76 ਰੁਪਏ ਕੁਇੰਟਲ ਹੁੰਦਾ ਸੀ ਅਤੇ 1984-85 ਵਿੱਚ 157 ਰੁਪਏ ਹੋ ਗਿਆ। 2001-02 ਵਿੱਚ ਭਾਅ 620 ਰੁਪਏ ਐਲਾਨਿਆ ਸੀ ਅਤੇ ਦਸ ਸਾਲ ਪਹਿਲਾਂ 2014-15 ਵਿੱਚ ਇਹ 1400 ਰੁਪਏ ਪ੍ਰਤੀ ਕੁਇੰਟਲ ਸੀ। 1989 ਵਿੱਚ ਡੀਜ਼ਲ ਦਾ ਭਾਅ 3.50 ਰੁਪਏ ਪ੍ਰਤੀ ਲਿਟਰ ਸੀ ਜੋ ਕਿ 2002 ਵਿੱਚ 16.59 ਰੁਪਏ ਪ੍ਰਤੀ ਲਿਟਰ ਹੋ ਗਿਆ ਸੀ। 2010 ਵਿੱਚ 40.10 ਰੁਪਏ ਅਤੇ ਹੁਣ ਮੌਜੂਦਾ ਸਮੇਂ ਡੀਜ਼ਲ ਪ੍ਰਤੀ ਲਿਟਰ 88.02 ਰੁਪਏ ਹੋ ਗਿਆ। ਪੰਜਾਬ ਵਿੱਚ ਕਣਕ ਦੇ ਬੋਨਸ ਦੇਣ ਤੋਂ ਪਾਸਾ ਵੱਟਿਆ ਜਾਂਦਾ ਹੈ ਅਤੇ ਸਿਰਫ਼ ਦੋ ਵਾਰ 2005-06 ਵਿੱਚ 50 ਰੁਪਏ ਅਤੇ 2006-07 ਵਿੱਚ 100 ਰੁਪਏ ਪ੍ਰਤੀ ਕੁਇੰਟਲ ਪਿੱਛੇ ਬੋਨਸ ਦਿੱਤਾ ਗਿਆ ਸੀ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਸਰਕਾਰਾਂ ਨੇ ਪਿਛਲੇ ਵਰ੍ਹੇ ਵੀ ਕਣਕ ’ਤੇ ਬੋਨਸ ਦਿੱਤਾ ਸੀ। ਸਵਾਮੀਨਾਥਨ ਕਮਿਸ਼ਨ ਦੀ ਸਿਫ਼ਾਰਸ਼ ਅਨੁਸਾਰ ਕਦੇ ਫ਼ਸਲਾਂ ਦੇ ਭਾਅ ਤੈਅ ਨਹੀਂ ਹੋਏ। ਲੰਘੇ 12 ਵਰ੍ਹਿਆਂ ਦੌਰਾਨ ਕਣਕ ਦੇ ਭਾਅ ਵਿੱਚ 2014-15 ਤੇ 2015-16 ਤੋਂ ਇਲਾਵਾ 2021-22 ਵਿੱਚ ਪੰਜਾਹ-ਪੰਜਾਹ ਰੁਪਏ ਦਾ ਵਾਧਾ ਕੀਤਾ ਗਿਆ ਜਦੋਂਕਿ 2022-23 ਵਿੱਚ 40 ਰੁਪਏ ਦਾ ਵਾਧਾ ਅਤੇ 2016-17 ਵਿੱਚ 75 ਰੁਪਏ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ। 2013-14 ਤੋਂ ਹੁਣ ਤੱਕ ਸਿਰਫ਼ ਪੰਜ ਵਾਰ ਕਣਕ ਦੇ ਸਰਕਾਰੀ ਭਾਅ ਵਿੱਚ ਵਾਧਾ ਸੌ ਰੁਪਏ ਨੂੰ ਪਾਰ ਕੀਤਾ ਹੈ।
ਕਿਸਾਨਾਂ ਨਾਲ ਮਜ਼ਾਕ ਕੀਤਾ: ਖੁੱਡੀਆਂ
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਵੱਲੋਂ ਕਣਕ ਦੇ ਭਾਅ ਵਿੱਚ ਕੀਤੇ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 3104 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਸਰਕਾਰੀ ਭਾਅ ਮੰਗਿਆ ਸੀ। ਉਨ੍ਹਾਂ ਕਿਹਾ ਕਿ ਲਾਗਤ ਖ਼ਰਚੇ ਤੇਜ਼ੀ ਨਾਲ ਵਧੇ ਹਨ ਪਰ ਉਸ ਲਿਹਾਜ਼ ਨਾਲ ਕੇਂਦਰ ਨੇ ਫ਼ਸਲੀ ਭਾਅ ਵਿਚ ਵਾਧਾ ਨਹੀਂ ਕੀਤਾ।