ਲਖਵੀਰ ਸਿੰਘ ਚੀਮਾ
ਟੱਲੇਵਾਲ, 15 ਜੂਨ
ਪਿੰਡ ਵਿਧਾਤਾ ਦੇ ਨੌਜਵਾਨ ਜਸਵੰਤ ਸਿੰਘ (30) ਪੁੱਤਰ ਹਰਬੰਸ ਸਿੰਘ, ਜਿਸ ਦੀ ਦੁਬਈ ਵਿਚ ਕਰੀਬ ਮਹੀਨਾ ਪਹਿਲਾਂ ਮੌਤ ਹੋ ਗਈ ਸੀ, ਦੀ ਲਾਸ਼ ਵਾਪਸ ਪੰਜਾਬ ਲਿਆਉਣ ਲਈ ਪਰਿਵਾਰ ਵੱਲੋਂ ਭੱਜ-ਨੱਠ ਕੀਤੀ ਜਾ ਰਹੀ ਸੀ ਪਰ ਇਸੇ ਦੌਰਾਨ ਜਸਵੰਤ ਸਿੰਘ ਦਾ ਦੁਬਈ ਵਿਚ ਹੀ ਸਸਕਾਰ ਹੋਣ ਦੀ ਮਿਲੀ ਸੂਚਨਾ ਨਾਲ ਪਰਿਵਾਰ ਮੁੜ ਸਦਮੇ ਵਿਚ ਹੈ। ਜਸਵੰਤ ਸਿੰਘ ਘਰ ਦੀ ਗ਼ਰੀਬੀ ਦੂਰ ਕਰਨ ਲਈ ਦੁਬਈ ਸੀ ਤੇ ਉੱਥੇ ਉਹ ਸ਼ਾਰਜਾਹ ਸ਼ਹਿਰ ’ਚ ਕੰਮ ਕਰਦਾ ਸੀ। 7 ਮਈ ਨੂੰ ਉਸ ਦੇ ਸਾਥੀਆਂ ਨੇ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਦਿੱਤੀ ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਮਗਰੋਂ ਪਰਿਵਾਰ ਵੱਲੋਂ ਉਸ ਦੀ ਲਾਸ਼ ਵਾਪਸ ਪਿੰਡ ਲਿਆਉਣ ਲਈ ਪੈਰਵਾਈ ਸ਼ੁਰੂ ਕੀਤੀ ਗਈ ਸੀ। ਉਸ ਦੇ ਭਰਾ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਸੰਸਦ ਮੈਂਬਰ ਭਗਵੰਤ ਮਾਨ ਨੂੰ ਮਿਲੇ ਸਨ, ਜਿਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਸੀ। ਕਰੋਨਾ ਵਾਇਰਸ ਕਾਰਨ ਕੌਮਾਂਤਰੀ ਹਵਾਈ ਉਡਾਣਾਂ ਬੰਦ ਹੋਣ ਕਾਰਨ ਉਸ ਦੀ ਲਾਸ਼ ਪਿੰਡ ਨਾ ਆਈ। 13 ਜੂਨ ਨੂੰ ਜਸਵੰਤ ਦੀ ਮਾਸੀ ਦੇ ਲੜਕੇ ਨੇ ਦੁਬਈ ਤੋਂ ਫ਼ੋਨ ਰਾਹੀਂ ਸ਼ਾਰਜਾਹ ਸ਼ਹਿਰ ’ਚ ਉਸ ਦਾ 6 ਜੂਨ ਨੂੰ ਸਸਕਾਰ ਕਰ ਦੇਣ ਬਾਰੇ ਜਾਣਕਾਰੀ ਦਿੱਤੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਭਗਵੰਤ ਮਾਨ ਵੱਲੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ।