ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਪਰੈਲ
ਪੰਜਾਬ ’ਚ ਲੰਘੀ ਰਾਤ ਆਏ ਮੀਂਹ ਅਤੇ ਤੇਜ਼ ਝੱਖੜ ਨਾਲ ਵਾਢੀ ਲਈ ਤਿਆਰ ਕਣਕ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ। ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ਵਿਚ ਅੰਦਾਜ਼ਨ 50 ਹਜ਼ਾਰ ਏਕੜ ਕਣਕ ਪ੍ਰਭਾਵਿਤ ਹੋਈ ਹੈ। ਬਿਜਲੀ ਸਪਲਾਈ ਵਿਚ ਵੀ ਵਿਘਨ ਪਿਆ ਅਤੇ ਨਹਿਰਾਂ ਤੇ ਸੜਕਾਂ ਦੇ ਕੰਢਿਆਂ ਵਾਲੇ ਦਰੱਖ਼ਤ ਵੱਡੀ ਗਿਣਤੀ ਵਿਚ ਝੱਖੜ ਨੇ ਉਖਾੜ ਦਿੱਤੇ। ਪੰਜਾਬ ਵਿੱਚ 10 ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ ਅਤੇ ਉਸ ਤੋਂ ਪਹਿਲਾਂ ਆਈ ਬਾਰਸ਼ ਅਤੇ ਤੇਜ਼ ਝੱਖੜ ਨਾਲ ਵਾਢੀ ਦਾ ਕੰਮ ਕਰੀਬ ਪੰਜ ਛੇ ਦਿਨ ਪੱਛੜਨ ਦੇ ਆਸਾਰ ਬਣ ਗਏ ਹਨ। ਇਸ ਦੌਰਾਨ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਵੀ ਖਦਸ਼ਾ ਬਣ ਗਿਆ ਹੈ ਅਤੇ ਕਿਸਾਨਾਂ ਲਈ ਨਮੀ ਦੇ ਮਾਪਦੰਡਾਂ ਦਾ ਝੰਜਟ ਵੀ ਖਰੀਦ ਕੇਂਦਰਾਂ ਵਿਚ ਖੜ੍ਹਾ ਹੋ ਸਕਦਾ ਹੈ।
ਪੰਜਾਬ ’ਚ ਔਸਤਨ ਕਰੀਬ ਢਾਈ ਮਿਲੀਮੀਟਰ ਬਾਰਸ਼ ਹੋਣ ਦਾ ਸਮਾਚਾਰ ਹੈ ਜਦੋਂ ਕਿ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਨੂੰ ਵਿਛਾ ਦਿੱਤਾ ਹੈ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿਚ ਕਰੀਬ 16 ਹਜ਼ਾਰ ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ। ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਝੱਖੜ ਨੇ ਕਣਕ ਧਰਤੀ ’ਤੇ ਵਿਛਾ ਦਿੱਤੀ ਹੈ ਜਿਸ ਕਰਕੇ ਪ੍ਰਤੀ ਏਕੜ ਦੋ ਕੁਇੰਟਲ ਝਾੜ ਘਟੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਪਿੱਛੇ ਲਾਗਤ ਖਰਚੇ ’ਚ ਪੰਜ ਹਜ਼ਾਰ ਰੁਪਏ ਦੀ ਵਿੱਤੀ ਸੱਟ ਵੱਜੇਗੀ। ਮੁਕਤਸਰ ਜ਼ਿਲ੍ਹੇ ਦੇ ਮਲੋਟ ਅਤੇ ਲੰਬੀ ਦੇ ਇਲਾਕੇ ਵਿਚ ਦਰਜਨਾਂ ਪਿੰਡਾਂ ਵਿਚ ਫਸਲ ਨੁਕਸਾਨੀ ਗਈ ਹੈ।
ਵੇਰਵਿਆਂ ਅਨੁਸਾਰ ਲੁਧਿਆਣਾ ਜ਼ਿਲ੍ਹੇ ਵਿਚ ਕਰੀਬ 20 ਹਜ਼ਾਰ ਏਕੜ ਫਸਲ ਪ੍ਰਭਾਵਿਤ ਹੋਈ ਹੈ ਜਦੋਂ ਕਿ ਮੁਹਾਲੀ ਜ਼ਿਲ੍ਹੇ ਵਿਚ ਵੀ ਫਸਲਾਂ ਦਾ ਦੋ ਫੀਸਦੀ ਝਾੜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਵੀ ਫ਼ਸਲੀ ਨੁਕਸਾਨ ਹੋਇਆ ਹੈ। ਮੁਕਤਸਰ ਜ਼ਿਲ੍ਹੇ ਵਿਚ ਸਭ ਤੋਂ ਵੱਧ 5 ਮਿਲੀਮੀਟਰ ਵਰਖਾ ਹੋਈ ਹੈ। ਗੁਰਦਾਸਪੁਰ, ਨਵਾਂ ਸ਼ਹਿਰ, ਫਰੀਦਕੋਟ, ਜਲੰਧਰ, ਮੋਗਾ ਵਿਚ ਵੀ ਬਾਰਸ਼ ਹੋਈ ਹੈ ਜਦੋਂ ਕਿ ਬਰਨਾਲਾ ਜ਼ਿਲ੍ਹੇ ਵਿਚ 5 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਕੁਝ ਪਿੰਡਾਂ ਦਾ ਦੌਰਾ ਕਰਕੇ ਬਾਰਸ਼ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੁਕਸਾਨੀਆਂ ਫ਼ਸਲਾਂ ਦੀ ਫੌਰੀ ਗਿਰਦਾਵਰੀ ਕਰਾਏ ਅਤੇ ਕਿਸਾਨਾਂ ਨੂੰ ਫ਼ਸਲ ਦਾ ਮੁਆਵਜ਼ਾ ਐਲਾਨੇ।
ਪੰਜਾਬ ਵਿਚ ਐਤਕੀਂ 35.10 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਂਦ ਹੈ ਅਤੇ ਖੇਤੀ ਮਹਿਕਮੇ ਵੱਲੋਂ ਪ੍ਰਤੀ ਹੈਕਟੇਅਰ ਪਿੱਛੇ 50.5 ਕੁਇੰਟਲ ਕਣਕ ਦੇ ਝਾੜ ਦਾ ਅਨੁਮਾਨ ਲਗਾਇਆ ਗਿਆ ਹੈ। ਮੋਟੇ ਅੰਦਾਜ਼ੇ ਅਨੁਸਾਰ ਇਸ ਬਾਰਸ਼ ਨੇ ਕਰੀਬ 25 ਕਰੋੜ ਰੁਪਏ ਦਾ ਫਸਲੀ ਨੁਕਸਾਨ ਕਰ ਦਿੱਤਾ ਹੈ। ਬਾਰਸ਼ ਦੌਰਾਨ ਪੰਜਾਬ ਦੇ ਵੱਡੇ ਹਿੱਸੇ ਵਿਚ ਬਿਜਲੀ ਸਪਲਾਈ ਬੰਦ ਰਹੀ ਅਤੇ ਬਹੁਤੀਆਂ ਥਾਵਾਂ ’ਤੇ ਖੰਭੇ ਵੀ ਡਿੱਗਣ ਦੀ ਸੂਚਨਾ ਹੈ। ਨਹਿਰਾਂ ਵਿਚ ਪਾਣੀ ਘੱਟ ਹੋਣ ਕਰਕੇ ਕੋਈ ਪਾੜ ਪੈਣ ਤੋਂ ਤਾਂ ਬਚਾਅ ਰਿਹਾ, ਪਰ ਵੱਡੀ ਗਿਣਤੀ ਵਿਚ ਦਰਖਤ ਟੁੱਟ ਕੇ ਨਹਿਰਾਂ ਤੇ ਰਜਬਾਹਿਆਂ ਵਿਚ ਡਿੱਗੇ ਹਨ।
ਵੱਡੇ ਨੁਕਸਾਨ ਤੋਂ ਬਚਾਅ: ਸਿੱਧੂ
ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਿਰਫ ਚਾਰ ਜ਼ਿਲ੍ਹਿਆਂ ਵਿਚ ਥੋੜਾ ਨੁਕਸਾਨ ਹੋਇਆ ਹੈ ਅਤੇ ਕੁਝ ਕੁ ਥਾਵਾਂ ’ਤੇ ਕਣਕ ਦੀ ਫਸਲ ਡਿੱਗੀ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਪਿੱਛੇ ਪ੍ਰਭਾਵਿਤ ਫਸਲ ਦੇ ਝਾੜ ’ਚ ਡੇਢ ਕੁ ਕੁਇੰਟਲ ਦਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ 25 ਫੀਸਦੀ ਘੱਟ ਤੋਂ ਨੁਕਸਾਨੀ ਫਸਲ ਦੇ ਮੁਆਵਜ਼ੇ ਦੀ ਵਿਵਸਥਾ ਨਹੀਂ ਹੈ।