ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਅਕਤੂਬਰ
ਪੰਜਾਬ ’ਚ ਡੀਏਪੀ ਖਾਦ ਦੀ ਘਾਟ ਕਾਰਨ ਐਤਕੀ ਕਣਕ ਦੀ ਬਿਜਾਈ ਪਛੜਨ ਦਾ ਖ਼ਦਸ਼ਾ ਹੈ। ਝੋਨੇ ਤੋਂ ਬਾਅਦ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦੀ ਲੋੜ ਹੁੰਦੀ ਹੈ ਪਰ ਖਾਦ ਦੀ ਘਾਟ ਕਾਰਨ ਪੰਜਾਬ ਤੇ ਹਰਿਆਣਾ ਦੇ ਕਿਸਾਨ ਚਿੰਤਾ ਵਿਚ ਹਨ। ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦੇ ਬਾਵਜੂਦ ਸਮੱਸਿਆ ਦਾ ਹੱਲ ਕੋਈ ਨਹੀਂ ਹੋਇਆ, ਜਿਸ ਕਾਰਨ ਕਿਸਾਨਾਂ ਨੂੰ ਕਣਕ ਦੀ ਬਿਜਾਈ ਲੇਟ ਹੋਣ ਦਾ ਡਰ ਸਤਾਉਣ ਲੱਗ ਪਿਆ ਹੈ। ਮਾਲਵਾ ਪੱਟੀ ’ਚ ਨਰਮੇ ਉੱਤੇ ਗੁਲਾਬੀ ਸੁੰਡੀ ਅਤੇ ਬੇਮੌਸਮੀ ਮੀਂਹ ਆਦਿ ਕੁਦਰਤੀ ਆਫ਼ਤਾਂ ਨਾਲ ਝੰਬੇ ਕਿਸਾਨਾਂ ਨੂੰ ਡੀਏਪੀ ਖਾਦ ਖਾਦ ਦੇ ਸੰਕਟ ਨੇ ਮੁਸ਼ਕਲਾਂ ’ਚ ਭਾਰੀ ਵਾਧਾ ਕਰ ਦਿੱਤਾ ਹੈ। ਬੀਕੇਯੂ ਕਾਦੀਆ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਗੁਲਜ਼ਾਰ ਸਿੰਘ ਘੱਲਕਲਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲਾਂ ਹੀ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਡੀਏਪੀ ਖਾਦ ਤੇ ਕਣਕ ਦੇ ਬੀਜ ਦੀ ਕਾਲਾਬਾਜ਼ਾਰੀ ਸ਼ਰੇਆਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੀਏਪੀ ਖਾਦ ਦੇ ਸੰਕਟ ਬਾਰੇ ਸੂਬਾ ਸਰਕਾਰ ਗੰਭੀਰ ਨਹੀਂ ਹੈ।
ਦੁਕਾਨਦਾਰਾਂ ਵੱਲੋਂ ਕਣਕ ਦਾ ਬੀਜ ਤੇ ਖਾਦ ਆਦਿ ਦਾ ਬਿੱਲ ਨਾ ਦੇਣ ਕਾਰਨ ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਉਨ੍ਹਾਂ ਨੂੰ ਨਕਲੀ ਖਾਦ ਤੇ ਬੀਜ ਵੇਚੇ ਜਾ ਰਹੇ ਹਨ। ਦੂਜੇ ਪਾਸੇ ਝੋਨੇ ਵਿੱਚ ਨਮੀ ਦੀ ਵੱਧ ਮਾਤਰਾ ਦੱਸ ਕੇ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਖ਼ਰੀਦਣ ਤੋਂ ਹੱਥ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਡੀਏਪੀ ਖਾਦ ਤੇ ਕਣਕ ਦੇ ਬੀਜ ਦਾ ਪ੍ਰਬੰਧ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਡੀਸੀ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਪੰਜਾਬ ਵਿਚ ਹਾੜ੍ਹੀ ਦੀਆਂ ਫਸਲਾਂ ਲਈ ਕੁੱਲ 5.50 ਲੱਖ ਮੀਟਰਕ ਟਨ ਡੀਏਪੀ ਦੀ ਲੋੜ ਹੈ। ਅਕਤੂਬਰ ਅਤੇ ਨਵੰਬਰ ਵਿੱਚ ਕਣਕ ਬਿਜਾਈ ਲਈ 4.80 ਲੱਖ ਮੀਟਰਕ ਟਨ ਡੀਏਪੀ ਦੀ ਲੋੜ ਹੁੰਦੀ ਹੈ। ਸੂਬੇ ਵਿੱਚ ਲਗਪਗ 35.00 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਰਾਜ ਕੋਲ ਪਿਛਲੇ ਸਾਲ (01.10.2020) ਦੇ 3.63 ਐਲਐਮਟੀ ਦੇ ਮੁਕਾਬਲੇ ਐਤਕੀ (1.10.2021) ਡੀਏਪੀ ਦਾ 0.74 ਲੱਖ ਮੀਟਰਕ ਟਨ ਓਪਨਿੰਗ ਸਟਾਕ ਹੀ ਉਪਲਬਧ ਸੀ। ਭਾਰਤ ਸਰਕਾਰ ਨੇ ਅਕਤੂਬਰ -2021 ਦੌਰਾਨ 2.75 ਐਲਐਮਟੀ ਦੀ ਮੰਗ ਦੇ ਵਿਰੁੱਧ ਸਿਰਫ 1.97 ਲੱਖ ਮੀਟ੍ਰਿਕ ਟਨ ਡੀਏਪੀ ਹੀ ਅਲਾਟ ਕੀਤਾ ਗਿਆ ਸੀ। ਜਦਕਿ ਹਰਿਆਣਾ ਨੂੰ ਕੁੱਲ ਅਲਾਟਮੈਂਟ ਦਾ 89 ਫੀਸਦ, ਯੂਪੀ ਨੂੰ 170 ਫੀਸਦ ਅਤੇ ਰਾਜਸਥਾਨ ਨੂੰ 88 ਫੀਸਦ ਪ੍ਰਾਪਤ ਹੋਇਆ।