ਪੱਤਰ ਪ੍ਰੇਰਕ
ਦੀਨਾਨਗਰ, 26 ਸਤੰਬਰ
ਦੀਨਾਨਗਰ ਹਲਕੇ ਦੀ ਵਿਧਾਇਕਾ ਅਰੁਣਾ ਚੌਧਰੀ ਨੂੰ ਦੁਬਾਰਾ ਕੈਬਨਿਟ ਮੰਤਰੀ ਬਣਾਏ ਜਾਣ ’ਤੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਕਾਂਗਰਸੀਆਂ ਨੇ ਖੁਸ਼ੀ ਵਿੱਚ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਜ਼ਿਕਰਯੋਗ ਹੈ ਕਿ ਅਰੁਣਾ ਚੌਧਰੀ ਕੈਪਟਨ ਸਰਕਾਰ ਵੇਲੇ ਪਹਿਲਾਂ ਸਿੱਖਿਆ ਮੰਤਰੀ, ਫਿਰ ਟਰਾਂਸਪੋਰਟ ਮੰਤਰੀ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਮੰਤਰੀ ਰਹੇ ਪਰ ਮੁੱਖ ਮੰਤਰੀ ਬਦਲਦਿਆਂ ਹੀ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫ਼ੈਲਾਈਆਂ ਜਾਣ ਲੱਗੀਆਂ ਪਰ ਇਸ ਵਾਰ ਵੀ ਅਰੁਣਾ ਚੌਧਰੀ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਕੈਬਨਿਟ ਵਿੱਚ ਮੁੜ ਵਾਪਸੀ ਕੀਤੀ। ਇਸਨੂੰ ਦੀਨਾਨਗਰ ਦੇ ਲੋਕ ਉਨ੍ਹਾਂ ਦੀ ਕਾਬਲੀਅਤ ਅਤੇ ਲੋਕਾਂ ਵਿੱਚ ਹਰਮਨਪਿਆਰਤਾ ਦਾ ਨਤੀਜਾ ਦੱਸ ਰਹੇ ਹਨ। ਦੀਨਾਨਗਰ ’ਚ ਲੱਡੂ ਵੰਡਣ ਮੌਕੇ ਬਲਾਕ ਸਮਿਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਜ਼ੋਨ ਇੰਚਾਰਜ ਵਰਿੰਦਰ ਸਿੰਘ ਨੌਸ਼ਹਿਰਾ, ਯੂਥ ਕਾਂਗਰਸ ਹਲਕਾ ਪ੍ਰਧਾਨ ਰੰਮੀ ਠਾਕੁਰ ਅਤੇ ਐੱਸਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਜਿੰਮੀ ਬਰਾੜ ਨੇ ਕਿਹਾ ਕਿ ਅਰੁਣਾ ਚੌਧਰੀ ਨੇ ਆਪਣੀ ਕਾਬਲੀਅਤ ਦੇ ਬਲ ’ਤੇ ਨਵੀਂ ਕੈਬਨਿਟ ਵਿੱਚ ਦੁਬਾਰਾ ਵਾਪਸੀ ਕੀਤੀ ਹੈ, ਜਦਕਿ ਉਨ੍ਹਾਂ ਦੇ ਕੁਝ ਸਾਥੀ ਮੰਤਰੀ ਕਈ ਤਰ੍ਹਾਂ ਦੇ ਇਲਜ਼ਾਮਾਂ ਵਿੱਚ ਘਿਰਨ ਕਾਰਨ ਕੈਬਨਿਟ ਵਿੱਚੋਂ ਬਾਹਰ ਹੋਏ ਹਨ।