ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਅਗਸਤ
ਇਥੇ ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਅੱਜ ਲਾਸ਼ ਮਿਲਣ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ। ਮ੍ਰਿਤਕ ਦੇ ਵਾਰਸਾਂ ਨੇ ਥਾਣਾ ਮੋਹਕਮਪੁਰਾ ਦੇ ਬਾਹਰ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਜੇਕਰ ਪੁਲੀਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਉਨ੍ਹਾਂ ਦੇ ਮੁੰਡੇ ਦੀ ਜਾਨ ਨਾ ਜਾਂਦੀ। ਮ੍ਰਿਤਕ ਦੀ ਪਛਾਣ ਮੋਨੂੰ ਵਰਮਾ ਵਜੋਂ ਹੋਈ ਹੈ। ਉਸ ਦੇ ਭਰਾ ਚੰਦਨ ਵਰਮਾ ਨੇ ਦੱਸਿਆ ਕਿ ਉਸ ਨੇ ਤੁੰਗਪਾਈ ਇਲਾਕੇ ਵਿੱਚ ਚੱਪਲਾਂ ਬਣਾਉਣ ਵਾਲੀ ਮਸ਼ੀਨ ਲਾਈ ਹੈ, ਜਿਥੇ ਵੀਰਵਾਰ ਦੁਪਹਿਰ ਵੇਲੇ ਮੋਨੂੰ ਰੋਟੀ ਦੇਣ ਆਇਆ ਸੀ ਪਰ ਘਰ ਨਹੀਂ ਪਰਤਿਆ। ਉਸ ਨੂੰ ਕਈ ਥਾਵਾਂ ’ਤੇ ਲੱਭਿਆ ਪਰ ਉਸ ਦਾ ਕੋਈ ਪਤਾ ਨਹੀਂ ਲਗਾ। ਪਰਿਵਾਰ ਨੇ ਥਾਣਾ ਪੁਲੀਸ ਮੋਹਕਮਪੁਰਾ ਵਿਚ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਮੋਨੂੰ ਦੇ ਪਿਤਾ ਪਿਆਰੇ ਲਾਲ ਨੇ ਦੋਸ਼ ਲਾਇਆ ਕਿ ਉਸ ਦੇ ਬੇਟੇ ਦਾ ਕੁਝ ਦਿਨ ਪਹਿਲਾਂ ਇਥੇ ਇਕ ਨੂਡਲਜ਼ ਦੀ ਦੁਕਾਨ ਵਾਲਿਆਂ ਨਾਲ ਝਗੜਾ ਹੋਇਆ ਸੀ, ਜਿਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਪਰ ਪਰਿਵਾਰ ਨੇ ਇਸ ਨੂੰ ਮਾਮੂਲੀ ਝਗੜੇ ਵਜੋਂ ਲਿਆ ਸੀ। ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਮੋਨੂੰ ਦਾ ਕਤਲ ਨੂਡਲਜ਼ ਵਾਲਿਆਂ ਨੇ ਹੀ ਕੀਤਾ ਹੈ। ਉਸ ਦੇ ਸਰੀਰ ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ। ਇਹ ਅਜਿਹੇ ਨਿਸ਼ਾਨ ਉਸਦੀ ਗਰਦਨ, ਪੇਟ ਅਤੇ ਹੱਥਾਂ ’ਤੇ ਹਨ। ਉਨ੍ਹਾਂ ਪੁਲੀਸ ’ਤੇ ਸਮੇਂ ਸਿਰ ਕਾਰਵਾਈ ਨਾ ਕਰਨ ਅਤੇ ਰਿਪੋਰਟ ਦਰਜ ਕਰਨ ਲਈ ਪੈਸੇ ਮੰਗਣ ਦੇ ਵੀ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਸਮੇਂ-ਸਿਰ ਕਾਰਵਾਈ ਕਰਦੀ ਤਾਂ ਇਹ ਦਿਨ ਨਾ ਦੇਖਣਾ ਪੈਂਦਾ। ਮੋਨੂੰ ਦੀ ਲਾਸ਼ ਅੱਜ ਰੇਲਵੇ ਲਾਈਨਾਂ ਨੇੜੇ ਝਾੜੀਆਂ ਵਿੱਚੋਂ ਮਿਲੀ ਹੈ।
ਪਰਿਵਾਰ ਦੇ ਦੋਸ਼ ਬੇਬੁਨਿਆਦ: ਪੁਲੀਸ ਕਮਿਸ਼ਨਰ
ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਆਖਿਆ ਕਿ ਪਰਿਵਾਰ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਹਨ। ਪੁਲੀਸ ਨੇ ਇਸ ਸਬੰਧ ਵਿੱਚ ਪਹਿਲਾਂ ਮੋਨੂੰ ਦੇ ਲਾਪਤਾ ਹੋਣ ਦੀ ਰਿਪੋਰਟ ਲਿਖੀ ਸੀ ਅਤੇ ਬੀਤੇ ਦਿਨ ਅਗਵਾ ਕਰਨ ਦੀ ਧਾਰਾ ਵੀ ਜੋੜੀ ਗਈ ਸੀ। ਹੁਣ ਇਸ ਮਾਮਲੇ ਨੂੰ ਕਤਲ ਕੇਸ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਸ਼ੱਕ ਦੇ ਆਧਾਰ ’ਤੇ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਹੈ।