ਹਰਦੀਪ ਸਿੰਘ ਜਟਾਣਾ
ਮਾਨਸਾ, 26 ਨਵੰਬਰ
ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵੱਲ ਕੂਚ ਕਰਨ ਵਾਲੇ ਕਿਸਾਨਾਂ ਨੂੰ ਬੇਫਿਕਰੇ ਹੋ ਕੇ ਸੰਘਰਸ਼ ਕਰਨ ਦੀ ਹੱਲਾਸ਼ੇਰੀ ਦਿੰਦਿਆਂ ਮਾਲਵੇ ਦੇ ਪਿੰਡਾਂ ’ਚ ਬਾਕੀ ਰਹਿ ਗਏ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਜੰਗ ਦੇ ਮੈਦਾਨ ਵਿੱਚ ਨਿੱਤਰੇ ਕਿਸਾਨਾਂ ਦੀਆਂ ਹਾੜ੍ਹੀ ਫ਼ਸਲਾਂ ਸੰਭਾਲਣਗੇ। ਉਨ੍ਹਾਂ ਕਿਹਾ ਕਿ ਕਣਕ, ਛੋਲਿਆਂ, ਸਰ੍ਹੋਂ, ਹਰਾ ਚਾਰਾ ਅਤੇ ਹੋਰ ਸਬਜ਼ੀਆਂ ਆਦਿ ਦੀ ਹਰ ਪੱਖੋਂ ਸੇਵਾ ਸੰਭਾਲ ਅਤੇ ਦੇਖ-ਰੇਖ ਕਰਨਗੇ। ਅੱਜ ਵੱਡੀ ਗਿਣਤੀ ਪਿੰਡਾਂ ਦੇ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਤੋਂ ਬੇਨਤੀਆਂ ਕੀਤੀਆਂ ਗਈਆਂ ਕਿ ਦਿੱਲੀ ਵੱਲ ਗਏ ਕਿਸਾਨਾਂ ਦੀਆਂ ਫ਼ਸਲਾਂ ਹੀ ਦੇਖ-ਰੇਖ ਉਹ ਕਰਨਗੇ। ਪਿੰਡਾਂ ਵਿੱਚ ਇਹ ਐਲਾਨ ਕਰਨ ਦੀ ਪਹਿਲਕਦਮੀ ਨੌਜਵਾਨ ਵਰਗ ਨੇ ਕੀਤੀ ਹੈ। ਦਿੱਲੀ ਮੋਰਚੇ ’ਤੇ ਗਏ ਕਿਸਾਨਾਂ ਦੀ ਫ਼ਸਲ ਦੀ ਦੇਖ-ਰੇਖ ਕਰਨ ਲਈ ਸਰਕਾਰੀ ਨੌਕਰੀਆਂ ਕਰਦੇ ਲੋਕ ਵੀ ਅੱਗੇ ਆਏ ਹਨ।
ਪਿੰਡ ਜਟਾਣਾ ਖੁਰਦ ਦੇ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਟਰੈਕਟਰ ਅਤੇ ਆਪਣੇ ਪਰਿਵਾਰ ਸਮੇਤ ਆਪਣੀ ਫ਼ਸਲ ਦੇ ਨਾਲ-ਨਾਲ ਦਿੱਲੀ ਮੋਰਚੇ ’ਤੇ ਗਏ ਕਿਸਾਨਾਂ ਦੀ ਫ਼ਸਲ ਸੰਭਾਲਣਗੇ। ਨੌਕਰੀ ਕਰਦੇ ਪਿੰਡ ਖੋਖਰ ਕਲਾਂ ਦੇ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰੇਗਾ ਕਿ ਦਿੱਲੀ ਮੋਰਚੇ ’ਤੇ ਗਏ ਕਿਸੇ ਵੀ ਕਿਸਾਨ ਵੀਰ ਦੀ ਫ਼ਸਲ ਉਸ ਦੀ ਗੈਰਹਾਜ਼ਰੀ ਵਿੱਚ ਪਾਣੀ, ਖਾਦ ਅਤੇ ਰਾਖੀ ਦੀ ਘਾਟ ਨਾਲ ਨੁਕਸਾਨੀ ਨਾ ਜਾਵੇ। ਪਿੰਡ ਭੈਣੀ ਬਾਘਾ ਦਾ ਕਿਸਾਨ ਦੀਦਾਰ ਸਿੰਘ ਵੀ ਵੱਖ ਵੱਖ ਪਿੰਡਾਂ ਵਿੱਚ ਆਪਣੇ ਦੋਸਤਾਂ-ਮਿੱਤਰਾਂ ਨੂੰ ਬੇਨਤੀਆਂ ਕਰ ਰਿਹਾ ਹੈ ਕਿ ਉਹ ਪਿੰਡ ਪੱਧਰ ਦੇ ਸਾਰੇ ਗਿਲੇ-ਸ਼ਿਕਵੇ ਤਿਆਗ ਕੇ ਕਿਸਾਨ ਮਾਰੂ ਖੇਤੀ ਬਿੱਲ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਕਿਸਾਨਾਂ ਦੇ ਖੇਤ ਸੰਭਾਲਣ।
ਸੋਸ਼ਲ ਮੀਡੀਆ ’ਤੇ ਵੀ ਇਸ ਤਰ੍ਹਾਂ ਦੀਆਂ ਕਈ ਪੋਸਟਾਂ ਘੁੰਮ ਰਹੀਆਂ ਹਨ। ਵੱਡੀ ਗਿਣਤੀ ਪਿੰਡਾਂ ਵਿੱਚ ਸ਼ੁਰੂ ਹੋਈ ਇਹ ਭਾਈਚਾਰਕ ਸਾਂਝ ਤੋਂ ਖੁਸ਼ ਹੋਏ ਸੰਘਰਸ਼ੀ ਕਿਸਾਨਾਂ ਨੇ ਕਿਹਾ ਜਦੋਂ ਉਨ੍ਹਾਂ ਦੇ ਖੇਤ ਸੰਭਾਲਣ ਲਈ ਉਨ੍ਹਾਂ ਦੇ ਭਾਈਆਂ ਨੇ ਹਾਮੀ ਭਰ ਦਿੱਤੀ ਹੈ ਤਾਂ ਉਨ੍ਹਾਂ ਦੇ ਸਾਰੇ ਫਿਕਰ ਮੁੱਕ ਗਏ ਹਨ। ਉਨ੍ਹਾਂ ਕਿਹਾ ਹੁਣ ਉਹ ਦਿੱਲੀ ਫਤਹਿ ਕਰਕੇ ਹੀ ਵਾਪਸ ਪਰਤਣਗੇ।
ਅੱਜ ਪੂਰਾ ਦਿਨ ਜ਼ਿਲ੍ਹੇ ਦੇ ਪਿੰਡਾਂ ਦੇ ਵੱਡੀ ਗਿਣਤੀ ਨੌਜਵਾਨ, ਕਿਸਾਨ ਅਤੇ ਮਜ਼ਦੂਰ ਖੇਤਾਂ ਦੀ ਸਾਂਭ-ਸੰਭਾਲ ਲਈ ਅੱਗੇ ਆਉਂਦੇ ਰਹੇ।