ਦਵਿੰਦਰ ਪਾਲ
ਚੰਡੀਗੜ੍ਹ, 5 ਅਕਤੂਬਰ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸੂਬੇ ਦੀ ਹਾਕਮ ਧਿਰ ‘ਆਪ’ ਨੇ ਭਰੋਸਗੀ ਮਤੇ ਰਾਹੀਂ ਆਪਣੀ ਗੱਲ ਪੁਗਾਉਣ ਅਤੇ ਲੋਕਾਂ ਦਾ ਧਿਆਨ ਖਿੱਚਣ ’ਚ ਤਾਂ ਕਾਮਯਾਬੀ ਹਾਸਲ ਕੀਤੀ ਪਰ ਕਾਂਗਰਸ ਨੇ ਵੀ ਇਸ ਸੈਸ਼ਨ ਦੌਰਾਨ ਕਾਨੂੰਨ ਵਿਵਸਥਾ ਅਤੇ ਮੰਤਰੀ ਫੌਜਾ ਸਿੰਘ ਸਰਾਰੀ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਲਈ ਸਦਨ ਨੂੰ ਢੁਕਵੇਂ ਪਲੇਟਫਾਰਮ ਵਜੋਂ ਵਰਤਿਆ। ਹਾਕਮ ਧਿਰ ਵੱਲੋਂ ਮੰਤਰੀ ਸਰਾਰੀ ਦੇ ਮੁੱਦੇ ’ਤੇ ਜਿਸ ਤਰ੍ਹਾਂ ਦਾ ਰਵੱਈਆ ਅਖ਼ਤਿਆਰ ਕੀਤਾ ਗਿਆ ਸੀ, ਉਸ ਤੋਂ ਜਾਪਦਾ ਹੈ ਕਿ ਸਰਕਾਰ ਜਲਦਬਾਜ਼ੀ ਵਿੱਚ ਕੋਈ ਕਾਰਵਾਈ ਦੇ ਰੌਂਅ ਵਿੱਚ ਨਹੀਂ ਹੈ। ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਦੌਰਾਨ ਜੇ ਲੋਕ ਮੁੱਦਿਆਂ ’ਤੇ ਹੋਈ ਚਰਚਾ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ ਦਲਿਤ ਬੱਚਿਆਂ ਨੂੰ ਵਜ਼ੀਫਾ ਰਕਮ ਸਮੇਂ ਸਿਰ ਨਾ ਮਿਲਣ ਕਰ ਕੇ ਸਰਟੀਫਿਕੇਟ ਨਾ ਦਿੱਤੇ ਜਾਣ ’ਤੇ ਹੀ ਹੋਈ ਤੇ ਗ਼ੈਰ-ਸਰਕਾਰੀ ਮਤਾ ਪਾਸ ਹੋਇਆ। ਮਹੱਤਵਪੂਰਨ ਤੱਥ ਇਹ ਹੈ ਕਿ ਸਰਕਾਰ ਵੱਲੋਂ ਜਿਨ੍ਹਾਂ ਮੁੱਦਿਆਂ ’ਤੇ ਚਰਚਾ ਕਰਨ ਦਾ ਐਲਾਨ ਕੀਤਾ ਗਿਆ ਸੀ, ਉਨ੍ਹਾਂ ਦਾ ਵੀ ਕੋਈ ਜ਼ਿਕਰ ਨਹੀਂ ਹੋਇਆ ਹੈ। ਸਰਕਾਰ ਵੱਲੋਂ ਸੈਸ਼ਨ ਤੋਂ ਪਹਿਲਾਂ ਤਿਆਰ ਕੀਤੇ ਪ੍ਰਸਤਾਵ ਮੁਤਾਬਕ ਇਸ ਸੈਸ਼ਨ ਦੌਰਾਨ ਜੀਐੱਸਟੀ, ਬਿਜਲੀ ਅਤੇ ਪਰਾਲੀ ਆਦਿ ਮੁੱਦਿਆਂ ’ਤੇ ਚਰਚਾ ਕਰਨ ਦੀ ਗੱਲ ਕਹੀ ਗਈ ਸੀ।
ਉਧਰ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲਿਖੀ ਚਿੱਠੀ ਰਾਹੀਂ ਸਤਲੁਜ ਯਮੁਨਾ ਲਿੰਕ ਨਹਿਰ, ਬੇਅਦਬੀ, ਕਾਨੂੰਨ ਵਿਵਸਥਾ, ਔਰਤਾਂ ਨੂੰ ਹਜ਼ਾਰ ਰੁਪਏ ਮਹੀਨੇ ਦੀ ਗਾਰੰਟੀ, ਬੇਰੁਜ਼ਗਾਰੀ, ਕੌਮੀ ਸੁਰੱਖਿਆ, ਗ਼ੈਰ-ਕਾਨੂੰਨੀ ਖਣਨ, ਕੌਮੀ ਗਰੀਨ ਟ੍ਰਿਬਿਊਨਲ ਵੱਲੋਂ 2180 ਕਰੋੜ ਰੁਪਏ ਦਾ ਜ਼ੁਰਮਾਨਾ, ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ, ਭ੍ਰਿਸ਼ਟਾਚਾਰ, ਮੂੰਗੀ ਦਾ ਸਮਰਥਨ ਮੁੱਲ ਅਤੇ ਲੰਪੀ ਸਕਿਨ ਆਦਿ ’ਤੇ ਬਹਿਸ ਕਰਾਉਣ ਦੀ ਮੰਗ ਕੀਤੀ ਗਈ ਸੀ ਤੇ ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਉਠਾ ਨਾ ਸਕੀ। ਇੱਥੋਂ ਤੱਕ ਕਿ ਸਰਕਾਰ ਵੱਲੋਂ ਲਿਆਂਦੇ ਭਰੋਸਗੀ ਮਤੇ ’ਤੇ ਵੀ ਹਾਕਮ ਧਿਰ ਦੇ ਮੈਂਬਰਾਂ ਨੇ ਹੀ ਵਿਚਾਰ ਰੱਖੇ। ਕਾਂਗਰਸ ਅਤੇ ਭਾਜਪਾ ਦੇ ਮੈਂਬਰਾਂ ਨੇ ਤਾਂ ਬਾਈਕਾਟ ਕੀਤਾ। ਅਕਾਲੀ ਦਲ ਅਤੇ ਬਸਪਾ ਨੇ ਹੀ ਮਾੜੀ ਮੋਟੀ ਹਾਜ਼ਰੀ ਲਵਾਈ ਸੀ।
ਸੈਸ਼ਨ ਦੀ ਸਮੀਖਿਆ ਕੀਤੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਸੈਸ਼ਨ ਦੌਰਾਨ ਸੂਬੇ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਾਜ਼ਰੀ ਲਵਾਉਣ ’ਚ ਕਾਮਯਾਬ ਨਹੀਂ ਹੋਇਆ। ਸੂਬੇ ਦੀ ਸੱਤਾ ’ਤੇ ਲਗਾਤਾਰ ਦਬਦਬਾ ਬਣਾਈ ਰੱਖਣ ਵਾਲੀ ਪੰਥਕ ਪਾਰਟੀ ਦੇ ਤਿੰਨ ਵਿਧਾਇਕ ਵੀ ਇੱਕ-ਦੂਜੇ ਨਾਲ ਇੱਕਮਤ ਦਿਖਾਈ ਨਹੀਂ ਸੀ ਦੇ ਰਹੇ। ਅਕਾਲੀ ਦਲ ਲਈ ਸਭ ਤੋਂ ਅਹਿਮ ਗੱਲ ਇਹ ਹੋ ਨਿੱਬੜੀ ਕਿ ਸਦਨ ਤੋਂ ਬਾਹਰ ਫੌਜਾ ਸਿੰਘ ਸਰਾਰੀ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖ਼ਾਸਕਰ ਬਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰ ’ਤੇ ਨਿਸ਼ਾਨਾ ਸੇਧਿਆ ਗਿਆ ਪਰ ਸਦਨ ਵਿੱਚ ਇਸ ਮੁੱਦੇ ’ਤੇ ਨਾ ਤਾਂ ਅਕਾਲੀ ਦਲ ਦੇ ਮੈਂਬਰਾਂ ਨੇ ਮੂੰਹ ਖੋਲ੍ਹਿਆ ਅਤੇ ਨਾ ਹੀ ਕਾਂਗਰਸ ਦੇ ਪ੍ਰਦਰਸ਼ਨ ਦਾ ਸਾਥ ਦਿੱਤਾ। ਪੰਜਾਬ ਵਿਧਾਨ ਸਭਾ ਵਿੱਚ ਪਿਛਲੇ ਸਾਢੇ ਪੰਜ ਸਾਲਾਂ ਦੇ ਵਕਫ਼ੇ ਤੋਂ ਵਿਰੋਧੀ ਧਿਰ ਦਾ ਅਜਿਹਾ ਰੂਪ ਸਾਹਮਣੇ ਆਉਣ ਲੱਗਾ ਹੈ ਕਿ ਇੱਕ-ਦੂਜੇ ਦਾ ਸਾਥ ਦੇਣ ਤੋਂ ਕੰਨੀ ਕਤਰਾਉਂਦੇ ਹਨ। ਸਾਲ 2017 ਤੋਂ 2022 ਤੱਕ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਵਿੱਚ ਸਨ ਤਾਂ ਇੱਕ-ਦੂਜੇ ਦਾ ਸਾਥ ਦੇਣ ਦੀ ਥਾਂ ਆਪਣੇ ਦਮ ’ਤੇ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਨੂੰ ਤਰਜ਼ੀਹ ਦਿੰਦੇ ਸਨ। ਇਹੀ ਹਾਲ ਇਸ ਸਮੇਂ ਬਣਿਆ ਹੋਇਆ ਹੈ। ਇਸ ਤਰ੍ਹਾਂ ਦੇ ਹਾਲਾਤ ਹਾਕਮ ਧਿਰ ਨੂੰ ਅਕਸਰ ਰਾਸ ਆਉਂਦੇ ਦਿਖਾਈ ਦਿੰਦੇ ਹਨ।
ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਇਹ ਤੀਜਾ ਸੈਸ਼ਨ ਸੀ। ਇਸ ਤਰ੍ਹਾਂ ਨਾਲ ਇਸ ਤੋਂ ਬਾਅਦ ਮਾਰਚ ਜਾਂ ਫਰਵਰੀ ਮਹੀਨੇ ਬਜਟ ਸੈਸ਼ਨ ਹੀ ਆਵੇਗਾ। ਜ਼ਿਕਰਯੋਗ ਹੈ ਕਿ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਫ਼ੈਸਲਿਆਂ ਅਤੇ ਕਾਰਗੁਜ਼ਾਰੀ ਨੂੰ ਖੁੱਲ੍ਹੇਆਮ ਚੁਣੌਤੀ ਦਿੱਤੀ ਗਈ ਸੀ। ਇਸ ਦਾ ਅਸਰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਦੇਖਣ ਨੂੰ ਮਿਲਿਆ। ਅਕਾਲੀ ਦਲ ਦੇ ਦੋ ਮੈਂਬਰਾਂ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਗਨੀਵ ਮਜੀਠੀਆ ਨੇ ਜਦੋਂ ਸੁਖਬੀਰ ਸਿੰਘ ਖਿਲਾਫ਼ ਬੋਲ ਰਹੇ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਮਾਮਲੇ ’ਤੇ ਬੋਲਣ ਦਾ ਯਤਨ ਕੀਤਾ ਤਾਂ ਸ੍ਰੀ ਇਯਾਲੀ ਨੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦਾ ਸਾਥ ਦੇਣ ਤੋਂ ਵੀ ਗੁਰੇਜ਼ ਕੀਤਾ।