ਦਵਿੰਦਰ ਮੋਹਨ ਸਿੰਘ ਬੇਦੀ
ਗਿੱਦੜਬਾਹਾ, 25 ਅਗਸਤ
ਨੇੜਲੇ ਪਿੰਡ ਥੇੜ੍ਹੀ ਦੇ ਤਿੰਨ ਨੌਜਵਾਨਾਂ ਨੇ ਆਪਣੇ ਬੁੱਢੇ ਮਾਪਿਆਂ ਨੂੰ ਕੁੱਟ ਕੁੱਟ ਕੇ ਘਰੋਂ ਕੱਢ ਦਿੱਤਾ ਹੈ। ਇਨ੍ਹਾਂ ਦਾ ਪਿਤਾ ਗੁਰਮੀਤ ਸਿੰਘ ਕਾਲੇ ਪੀਲੀਏ ਅਤੇ ਮਾਂ ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਨਾਲ ਪੀੜਤ ਹੈ। ਆਰਾਮ ਕਰਨ ਦੀ ਉਮਰੇ ਦੋਵੇਂ ਜਣੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਗੁਰਮੀਤ ਸਿੰਘ ਨੇ ਦੱਸਿਆ ਕਿ ਉਸਦੇ ਪੁੱੱਤਰਾਂ ਨੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਨੇ ਉਸ ਵੱਲੋਂ ਪਾਏ ਕੋਠੇ ਨੂੰ ਢਾਹ ਕੇ ਉਥੇ ਆਪਣੇ ਕਮਰੇ ਉਸਾਰ ਲਏ ਹਨ ਤੇ ਉਨ੍ਹਾਂ ਨੂੰ ਘਰ ਵਿੱਚ ਦਾਖਲ ਨਹੀਂ ਹੋਣ ਦਿੰਦੇ। ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਧਰਮਸ਼ਾਲਾ ਵਿੱਚ ਰਾਤਾਂ ਕੱਟਣ ਲਈ ਮਜਬੂਰ ਹਨ। ਉਸਨੇ ਗਿੱਦੜਬਾਹਾ ਦੇ ਐੱਸਡੀਐੱਮ ਨੂੰ ਦਰਖ਼ਾਸਤ ਦੇ ਕੇ ਆਪਣੇ ਪੁੱਤਰਾਂ ਖ਼ਿਲਾਫ਼ ਕਾਰਵਾਈ ਦੀ ਮੰੰਗ ਕੀਤੀ ਹੈ। ਸਮਾਜ ਸੇਵੀ ਅਤੇ ਐਡਵੋਕੇਟ ਨਰਾਇਣ ਸਿੰਗਲਾ ਨੇ ਦੱਸਿਆ ਕਿ ਐੱਸਡੀਐੱਮ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।