ਮਿਹਰ ਸਿੰਘ
ਕੁਰਾਲੀ, 11 ਜੁਲਾਈ
ਸਥਾਨਕ ਚੰਡੀਗੜ੍ਹ ਰੋਡ ’ਤੇ ਸਥਿਤ ਵਾਰਡ ਨੰਬਰ 7 ਦੀ ਨਵੀਂ ਮਾਸਟਰ ਕਲੋਨੀ ਵਿਚ ਬਿਜਲੀ ਸਪਲਾਈ ਦੇ ਸੁਧਾਰ ਸਬੰਧੀ ਸਾਲਾਂ ਤੋਂ ਲਟਕਦੇ ਆ ਰਹੇ ਕੰਮ ਨੂੰ ਆਖਰ ਪਾਵਰਕੌਮ ਨੇ ਪੂਰਾ ਕਰ ਦਿੱਤਾ ਹੈ। ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪਾਵਰਕੌਮ ਨੇ ਖੰਭੇ ਲਗਾ ਕੇ ਚਿੱਟਾ ਹਾਥੀ ਬਣਦੇ ਜਾ ਰਹੇ ਟਰਾਂਸਫਾਰਮਰ ਨੂੰ ਚਾਲੂ ਕਰ ਦਿੱਤਾ ਹੈ। ਨਵੇਂ ਟਰਾਂਸਫਾਰਮਰ ਦੇ ਚਾਲੂ ਹੋਣ ਨਾਲ ਅੱਜ ਕਲੋਨੀ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ। ਨਿਊ ਮਾਸਟਰ ਕਲੋਨੀ ਵਾਸੀ ਲੰਮੇ ਅਰਸੇ ਤੋਂ ਬਿਜਲੀ ਸਪਲਾਈ ਦੀ ਸਮੱਸਿਆ ਨਾਲ ਜੂਝ ਰਹੇ ਸਨ। ਪਾਵਰਕੌਮ ਵੱਲੋਂ ਸਾਲ ਪਹਿਲਾਂ ਇਥੇ ਟਰਾਂਸਫਾਰਮਰ ਲਾਇਆ ਗਿਆ ਸੀ, ਪਰ ਕੁਝ ਲੋਕਾਂ ਦੇ ਵਿਰੋਧ ਕਾਰਨ ਇਹ ਕੰਮ ਵਿਚਾਲੇ ਹੀ ਲਟਕ ਗਿਆ ਸੀ।ਬਿਜਲੀ ਦੀ ਘੱਟ ਵੋਲਟੇਜ ਦੀ ਸਪਲਾਈ ਤੋਂ ਪ੍ਰੇਸ਼ਾਨ ਕਲੋਨੀ ਵਾਸੀਆਂ ਨੇ ਪਾਵਰਕੌਮ ਦਫ਼ਤਰ ਅੱਗੇ ਰੋਸ ਪ੍ਰਗਟਾਊਂਦੇ ਹੋਏ ਉੱਚ ਅਧਿਕਾਰੀਆਂ ਤੇ ਐੱਸਡੀਐੱਮ ਖਰੜ ਨੂੰ ਸਮੱਸਿਆ ਦੱਸੀ ਸੀ, ਜਿਸ ਮਗਰੋਂ ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਖੰਭੇ ਲਾਊਣ ਦਾ ਰੋਕਿਆ ਹੋਇਆ ਕੰਮ ਪੂਰਾ ਕਰਵਾਇਆ। ਪਾਵਰਕੌਮ ਦੇ ਐੱਸਡੀਓ ਰਣਧੀਰ ਸਿੰਘ ਤੇ ਐੱਸਐੱਚਓ ਸਿਟੀ ਦੀ ਅਗਵਾਈ ਹੇਠ ਲਾਈਨ ਪਾਉਣ ਦਾ ਕੰਮ ਮੁਕੰਮਲ ਕਰ ਕੇ ਨਵੇਂ ਟਰਾਂਸਫਾਰਮਰ ਤੋਂ ਬਿਜਲੀ ਸਪਲਾਈ ਸ਼ੁਰੂ ਕਰਵਾਈ ਗਈ। ਕਲੋਨੀ ਵਾਸੀਆਂ ਨੇ ਐੱਸਡੀਓ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।