ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਮੁੱਖ ਅੰਸ਼
- ਮੁੱਖ ਮੰਤਰੀ ਦਾ ਅਹੁਦਾ ਪੁਆਧ ਤੇ ਉਪ ਮੁੱਖ ਮੰਤਰੀ ਦੇ ਦੋਵੇਂ ਅਹੁਦੇ ਮਾਝੇ ਖਿੱਤੇ ਨੂੰ ਮਿਲੇ
ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਹਲਫ਼ ਸਮਾਗਮ ਮਗਰੋਂ ਹੀ ਨਵੀਂ ਵਜ਼ਾਰਤ ਲਈ ਸਿਆਸੀ ਜੋੜ-ਤੋੜ ਸ਼ੁਰੂ ਹੋ ਗਏ ਹਨ| ਹਾਈਕਮਾਨ ਤਰਫ਼ੋਂ ਰਾਤੋ-ਰਾਤ ਜਿਸ ਤਰੀਕੇ ਨਾਲ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਤੋਂ ਪਾਸਾ ਵੱਟ ਲਿਆ ਗਿਆ ਹੈ, ਉਸ ਤੋਂ ਸੰਕੇਤ ਮਿਲਦੇ ਹਨ ਕਿ ਨਵੀਂ ਵਜ਼ਾਰਤ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ ਨੂੰ ਹੁਣ ਥਾਂ ਸੌਖੀ ਨਹੀਂ ਮਿਲੇਗੀ| ਪਤਾ ਲੱਗਾ ਹੈ ਕਿ ਬ੍ਰਹਮ ਮਹਿੰਦਰਾ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾਏ ਜਾਣ ਦੀ ਵਿਉਂਤ ਹੈ ਅਤੇ ਉਨ੍ਹਾਂ ਦੀ ਥਾਂ ’ਤੇ ਕੈਬਨਿਟ ਵਿਚ ਹੋਰ ਚਿਹਰਾ ਸ਼ਾਮਿਲ ਕੀਤਾ ਜਾਣਾ ਹੈ|
ਬ੍ਰਹਮ ਮਹਿੰਦਰਾ ਅੱਜ ਇਸ ਮਾਮਲੇ ’ਤੇ ਸਿਆਸੀ ਹੇਠੀ ਮਹਿਸੂਸ ਕਰ ਰਹੇ ਹਨ ਕਿਉਂਕਿ ਪਟਿਆਲਾ ਹਲਕੇ ਵਿਚ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੇ ਵਧਾਈ ਫਲੈਕਸ ਵੀ ਲੱਗ ਗਏ ਸਨ| ਨਵੀਂ ਵਜ਼ਾਰਤ ਤੇ ਨਜ਼ਰ ਮਾਰੀਏ ਤਾਂ ਮੁੱਖ ਮੰਤਰੀ ਦਾ ਅਹੁਦਾ ਜਿੱਥੇ ਦਲਿਤ ਤੇ ਸਿੱਖ ਚਿਹਰੇ ਨੂੰ ਮਿਲਿਆ ਹੈ, ਉੱਥੇ ਭੂਗੋਲਿਕ ਤੌਰ ’ਤੇ ਇਹ ਅਹੁਦਾ ਹੁਣ ਪੁਆਧ ਦੇ ਇਲਾਕੇ ਦੀ ਝੋਲੀ ਪਿਆ ਹੈ| ਉਪ ਮੁੱਖ ਮੰਤਰੀ ਦੇ ਦੋਵੇਂ ਅਹੁਦੇ ਮਾਝੇ ਖਿੱਤੇ ਨੂੰ ਹਾਸਲ ਹੋ ਗਏ ਹਨ| ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਪਟਿਆਲਾ ਨੂੰ ਮਿਲੀ ਹੈ|
ਮਾਲਵਾ ਖ਼ਿੱਤੇ ਦਾ ਵਜ਼ਾਰਤ ਵਿਚ ਹਮੇਸ਼ਾ ਦਬਦਬਾ ਰਿਹਾ ਹੈ ਪਰ ਨਵੀਂ ਵਜ਼ਾਰਤ ਵਿਚ ਮਾਲਵੇ ’ਚੋਂ ਕਿੰਨੇ ਵਜ਼ੀਰ ਲਏ ਜਾਣਗੇ, ਇਸ ਦੀ ਗਿਣਤੀ ਮਿਣਤੀ ਚੱਲ ਰਹੀ ਹੈ| ਮਾਲਵੇ ’ਚੋਂ ਦੋ ਵਜ਼ੀਰਾਂ ਦੀ ਛੁੱਟੀ ਹੋਣ ਦੇ ਚਰਚੇ ਹਨ ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਨ ਕਰੀਬੀ ਰਹੇ ਹਨ| ਪਤਾ ਲੱਗਾ ਹੈ ਕਿ ਦੋ ਤਿੰਨ ਦਿਨਾਂ ਵਿਚ ਵਜ਼ਾਰਤ ਦੇ ਨਵੇਂ ਵਜ਼ੀਰਾਂ ਨੂੰ ਸਹੁੰ ਚੁਕਾਈ ਜਾਵੇਗੀ|
ਨਵੀਂ ਵਜ਼ਾਰਤ ਵਿਚ ਨਵਾਂ ਦਲਿਤ ਚਿਹਰਾ ਲਏ ਜਾਣ ਦੀ ਸੰਭਾਵਨਾ ਹੈ ਅਤੇ ਕਿਸੇ ਨੌਜਵਾਨ ਵਿਧਾਇਕ ਨੂੰ ਵੀ ਮੌਕਾ ਮਿਲ ਸਕਦਾ ਹੈ| ਪੰਜਾਬ ਚੋਣਾਂ ’ਚ ਬਹੁਤਾ ਸਮਾਂ ਨਹੀਂ ਬਚਿਆ ਜਿਸ ਕਰ ਕੇ ਨਵੀਂ ਵਜ਼ਾਰਤ ਤੋਂ ਸਾਫ਼ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ|
ਨਵੀਂ ਵਜ਼ਾਰਤ ਵਿਚ ਹਰ ਵਰਗ ਅਤੇ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਜਾਣੀ ਹੈ| ਬਹੁਤੇ ਪੁਰਾਣੇ ਵਜ਼ੀਰ ਬਣੇ ਹੀ ਰਹਿਣਗੇ| ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੂੰ ਵਜ਼ੀਰੀ ਮਿਲਣ ਦੀ ਪੂਰਨ ਸੰਭਾਵਨਾ ਜਾਪਦੀ ਹੈ|
ਨਵੀਂ ਵਜ਼ਾਰਤ ਦੇ ਗਠਨ ਵਿਚ ਿਸੱਧੂ ਦੀ ਰਹੇਗੀ ਅਹਿਮ ਭੂਮਿਕਾ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਨਵੀਂ ਵਜ਼ਾਰਤ ਦੇ ਮਾਮਲੇ ਵਿਚ ਅਹਿਮ ਭੂਮਿਕਾ ਰਹੇਗੀ| ਸੂਤਰ ਦੱਸਦੇ ਹਨ ਕਿ ਕਈ ਵਜ਼ੀਰਾਂ ਨੇ ਵਜ਼ਾਰਤ ਵਿਚ ਥਾਂ ਲੈਣ ਲਈ ਹਾਈਕਮਾਨ ਵਿਚ ਬੈਠੇ ਆਪਣੇ ਸਿਆਸੀ ਗੁਰੂਆਂ ਤੱਕ ਵੀ ਪਹੁੰਚ ਕਰਨੀ ਸ਼ੁਰੂ ਕੀਤੀ ਹੈ ਅਤੇ ਕਈ ਵਿਧਾਇਕਾਂ ਨੇ ਇੱਧਰ-ਉੱਧਰ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਹਨ। ਅਗਲੀਆਂ ਚੋਣਾਂ ਕਰ ਕੇ ਵਜ਼ਾਰਤ ਦੀ ਚੋਣ ਲਈ ਵੀ ਹਾਈਕਮਾਨ ਹਰ ਪੱਖ ਤੋਂ ਵਿਚਾਰ-ਵਟਾਂਦਰਾ ਕਰ ਕੇ ਫ਼ੈਸਲਾ ਲਵੇਗੀ।