ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਸਤੰਬਰ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਯੋਜਨਾਬੱਧ ਸਾਜ਼ਿਸ਼ ਤਹਿਤ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ਦੇ ਟਾਕਰੇ ਲਈ ਆਖ਼ਰੀ ਦਮ ਤੱਕ ਲੜਾਂਗੇ। ਵਿੱਤ ਮੰਤਰੀ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਆਖਿਆ ਕਿ ਉਹ ਕਿਸਾਨੀ ਹਿੱਤਾਂ ਦੀ ਰੱਖਿਆ ਲਈ ਆਖ਼ਰੀ ਸਾਹ ਤੱਕ ਮੈਦਾਨ ਵਿਚ ਡਟਣਗੇ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੇਂਦਰੀ ਵਿਤਕਰਾ ਝੱਲਣਾ ਪੈ ਰਿਹਾ ਹੈ। ਖੇਤੀ ਬਿੱਲਾਂ ਦਾ ਮੁੱਖ ਮਕਸਦ ਅੰਨਦਾਤੇ ਨੂੰ ਜਿਣਸਾਂ ਦੇ ਸਰਕਾਰੀ ਭਾਅ ਤੋਂ ਵਿਰਵੇ ਰੱਖਣਾ ਹੈ। ਕੇਂਦਰੀ ਸਾਜ਼ਿਸ਼ ਤਹਿਤ ਪੰਜਾਬ ਨੂੰ ਪਹਿਲਾਂ ਜੀਐੱਸਟੀ ਦਾ ਖਮਿਆਜ਼ਾ ਭੁਗਤਣਾ ਪਿਆ। ਉਸ ਤੋਂ ਪਹਿਲਾਂ ਪਹਾੜੀ ਰਾਜਾਂ ਦੇ ਉਦਯੋਗਾਂ ਨੂੰ ਦਿੱਤੀਆਂ ਕੇਂਦਰੀ ਰਿਆਇਤਾਂ ਨੇ ਵੀ ਪੰਜਾਬ ਦੇ ਸਨਅਤੀ ਵਿਕਾਸ ਨੂੰ ਸੱਟ ਮਾਰੀ। ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨਵਾਂ ਹੱਲਾ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਲੈ ਕੇ ਬੋਲਣ ਜਾ ਰਹੀ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ 4500 ਕਰੋੜ ਦਾ ਰਗੜਾ ਲੱਗੇਗਾ। ਉਨ੍ਹਾਂ ਕਿਹਾ ਕਿ ਖਾਦ ਸਬਸਿਡੀ ਦੀ ਸਿੱਧੀ ਅਦਾਇਗੀ ਵਿਚ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡੀ ਸੱਟ ਮਾਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਰੁੱਧ ਕੇਂਦਰੀ ਸਾਜ਼ਿਸ਼ ਵਿਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਹੁਣ ਲੋਕਾਂ ਨੂੰ ਜਵਾਬਦੇਹ ਹੈ ਕਿ ਉਹ ਕਿਉਂ ਭਾਜਪਾ ਦੇ ਹਰ ਪੰਜਾਬ ਵਿਰੋਧੀ ਪੈਂਤੜੇ ਵਿੱਚ ਭਾਈਵਾਲ ਹਨ? ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇੱਕ ਸ਼ਬਦ ਤੱਕ ਨਹੀਂ ਬੋਲਿਆ।